ਡੇਰਾਬੱਸੀ, 19 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਨੇ ਬੱਸ ਸਟੈਂਡ 'ਤੇ ਕੀਤੀ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ 50.66 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗਿ੍ਫਤਾਰ ਕੀਤਾ ਹੈ, ਜਿਸਦੀ ਪਛਾਣ ਅਵਿਨਾਸ਼ ਕੁਮਾਰ (25) ਗਲੀ ਨੰ. 2 ਅਮਰਦੀਪ ਕਾਲੋਨੀ ਡੇਰਾਬੱਸੀ ਦੇ ਤੌਰ 'ਤੇ ਹੋਈ ਹੈ ਤੇ ਉਹ ਬੀ. ਏ. ਪਾਸ ਹੈ | ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਡੇਰਾਬੱਸੀ ਬੱਸ ਸਟੈਂਡ 'ਤੇ ਏ. ਐਸ. ਆਈ. ਦਿਲਬਾਗ ਸਿੰਘ ਦੀ ਅਗਵਾਈ ਵਿਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਨਾਕਾਬੰਦੀ ਕੀਤੀ ਹੋਈ ਸੀ | ਇਸ ਦੌਰਾਨ ਕਰੀਬ ਰਾਤ 8 ਵਜੇ ਇਕ ਮੋਨਾ ਨੌਜਵਾਨ ਲਾਲੜੂ ਵਲੋਂ ਪੈਦਲ ਆਉਂਦਾ ਦਿੱਸਿਆ ਜੋ ਪੁਲਿਸ ਨੂੰ ਚੈਕਿੰਗ ਕਰਦਾ ਦੇਖ ਵਾਪਸ ਮੁੜਨ ਦੀ ਕੋਸ਼ਿਸ਼ ਕਰਨ ਲੱਗਾ | ਇਸ ਦੌਰਾਨ ਉਸ 'ਤੇ ਸ਼ੱਕ ਹੋਣ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 50.66 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ | ਪੁਲਿਸ ਨੇ ਮੁਲਜ਼ਮ ਦੇ ਖਿਲਾਫ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਦਿੱਤਾ ਗਿਆ | ਥਾਣਾ ਮੁਖੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਪੁੱਛਕਿਛ ਕੀਤੀ ਜਾ ਰਹੀ ਹੈ ਕਿ ਇਸ ਨਸ਼ੇ ਦੇ ਕਾਰੋਬਾਰ ਵਿਚ ਹੋਰ ਕੌਣ ਸ਼ਾਮਿਲ ਹੈ | ਉਧਰ ਸ਼ਹਿਰ ਦੇ ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਗ੍ਰੈਜੂਏਟ ਪਾਸ ਨੌਜਵਾਨਾਂ ਦਾ ਅਜਿਹੇ ਨਸ਼ਿਆਂ ਦੇ ਕਾਰੋਬਾਰ ਵਿਚ ਲਿਪਤ ਹੋਣਾ ਸਮਾਜ ਲਈ ਗੰਭੀਰ ਸਿਗਨਲ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣਾ ਸਮੇਂ ਦੀ ਸਭ ਤੋਂ ਮਹੱਤਵਪੂਰਨ ਮੰਗ ਹੈ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਕਾਰੋਬਾਰ ਛੱਡ ਚੰਗੇ ਕੰਮ ਕੀਤੇ ਜਾਣ ਤਾਂ ਕਿ ਆਪਣੇ ਮਾਪਿਆਂ ਸਮੇਤ ਸ਼ਹਿਰ ਦਾ ਨਾਂ ਰੌਸ਼ਨ ਹੋ ਸਕੇ | ਅਜਿਹੇ ਮਾੜੇ ਕਾਰੋਬਾਰ ਵਿਚ ਪੈਣ ਨਾਲ ਮਾਪਿਆਂ ਸਮੇਤ ਆਪਣੇ ਪਰਿਵਾਰ 'ਤੇ ਵੀ ਧੱਬਾ ਲੱਗਦਾ ਹੈ |