ਐੱਸ. ਏ. ਐੱਸ. ਨਗਰ, 24 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪਾਵਰਕਾਮ ਸਰਕਲ ਮੁਹਾਲੀ ਦੀਆਂ ਵੱਖ-ਵੱਖ ਯੂਨੀਅਨਾਂ ਨੇ ਮੀਟਿੰਗ ਕਰਕੇ ਆਉਣ ਵਾਲੀ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਇਕਜੁੱਟਤਾ ਕਰਨ, ਬਿਜਲੀ ਬਿੱਲ-2025 ਤਹਿਤ ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ, ਨਿੱਜੀਕਰਨ ਦੀ ਨੀਤੀ ਦੇ ਵਿਰੋਧ ਵਿਚ ਮੰਡਲ ਪੱਧਰ 'ਤੇ ਸਾਂਝੀਆਂ ਰੈਲੀਆਂ ਕਰਨ ਅਤੇ ਖਰੜੇ ਦੀਆਂ ਕਾਪੀਆਂ ਨੂੰ ਸਾੜਨ ਦਾ ਸੱਦਾ ਦਿੱਤਾ ਹੈ | ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸਰਕਲ ਪ੍ਰਧਾਨ ਗੁਰਬਖਸ਼ ਸਿੰਘ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਸਰਕਾਰ ਦੀ ਉਦਾਰੀਕਰਨ, ਸੰਸਾਰੀਕਰਨ ਅਤੇ ਨਿੱਜੀਕਰਨ ਦੀ ਨੀਤੀ ਦਾ ਵਿਰੋਧ ਕਰਨ ਅਤੇ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ, ਬਿਜਲੀ ਬਿੱਲ 2025 ਦੀ ਤਜਵੀਜ਼ ਨੂੰ ਰੱਦ ਕਰਵਾਉਣ, ਠੇਕੇਦਾਰੀ ਸਿਸਟਮ ਨੂੰ ਬੰਦ ਕਰਵਾਉਣ, ਵੱਖ-ਵੱਖ ਅਦਾਰਿਆਂ ਵਿਚ ਪੱਕੀ ਭਰਤੀ ਕਰਵਾਉਣ, ਚਾਰ ਲੇਬਰ ਕੋਡ ਖ਼ਤਮ ਕਰਵਾਉਣ ਅਤੇ ਪੰਜਾਬ ਸਰਕਾਰ ਵਲੋਂ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਸਮੇਤ ਪਾਵਰਕਾਮ ਅਤੇ ਟਰਾਂਸਕੋ ਦੀਆਂ ਜ਼ਮੀਨਾਂ ਸਸਤੇ ਤੋਂ ਸਸਤੇ ਰੇਟਾਂ 'ਤੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਦੇਣ ਲਈ ਵੇਚਣ ਦੇ ਫ਼ੈਸਲੇ ਦੇ ਵਿਰੋਧ ਵਿਚ ਮੁਹਾਲੀ ਸਪੈਸ਼ਲ ਮੰਡਲ ਵਿਖੇ ਐਰੋਸਿਟੀ ਡਵੀਜ਼ਨ ਤੇ ਪੀ. ਐਂਡ. ਐਮ. ਡਵੀਜ਼ਨ ਮੁਹਾਲੀ, ਸੈਂਟਰਲ ਸਟੋਰ ਡਵੀਜ਼ਨ ਮੁਹਾਲੀ ਅਤੇ ਗਰਿੱਡ ਉਸਾਰੀ ਮੰਡਲ ਵਲੋਂ ਸਾਂਝਾ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੈਨਸ਼ਨਰਜ਼ ਐਸੋਸੀਏਸ਼ਨ, ਸੀ. ਐਚ. ਬੀ. ਠੇਕਾ ਮੁਲਾਜ਼ਮ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ |