ਜ਼ੀਰਕਪੁਰ, 24 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਸਥਿਤ ਯੂਰੋ ਪੈਨਲ ਪ੍ਰੋਡਕਟਸ ਲਿਮ. ਦੇ ਗੋਦਾਮ 'ਚੋਂ 1,060 ਬਿਲਡਿੰਗ ਸ਼ੀਟਾਂ ਗਾਇਬ ਹੋਣ ਦੇ ਦੋਸ਼ ਹੇਠ ਜ਼ੀਰਕਪੁਰ ਪੁਲਿਸ ਨੇ ਕੰਪਨੀ ਵਲੋਂ ਨਿਯੁਕਤ ਮੈਨੇਜਰ ਰਾਜ ਕਿਸ਼ੋਰ ਯਾਦਵ ਖ਼ਿਲਾਫ਼ ਬੀ. ਐਨ. ਐਸ. ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਇਹ ਮਾਮਲਾ ਕੰਪਨੀ ਦੇ ਸਹਾਇਕ ਮੈਨੇਜਰ ਵਿਲਾਸ ਠੁਕਰਾਲ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਲਾਸ ਠੁਕਰਾਲ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੇਸ਼ ਭਰ ਵਿਚ 17 ਗੋਦਾਮ ਚਲਾਉਂਦੀ ਹੈ, ਜਿਨ੍ਹਾਂ 'ਚੋਂ ਇਕ ਗੋਦਾਮ ਜ਼ੀਰਕਪੁਰ ਦੇ ਭਬਾਤ ਖੇਤਰ ਵਿਚ ਸਥਿਤ ਹੈ | ਕੰਪਨੀ 2022 ਤੋਂ ਇਥੇ ਵਿਸ਼ੇਸ਼ ਬਿਲਡਿੰਗ ਸ਼ੀਟਾਂ ਦਾ ਸਟਾਕ ਕਰ ਰਹੀ ਹੈ ਜੋ ਕਿ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਦੁਕਾਨਦਾਰਾਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਮੈਨੇਜਰ ਰਾਜ ਕਿਸ਼ੋਰ ਯਾਦਵ ਇਸ ਗੋਦਾਮ ਦੀ ਪਿਛਲੇ 3-4 ਸਾਲਾਂ ਤੋਂ ਦੇਖ-ਰੇਖ ਕਰ ਰਿਹਾ ਹੈ | ਕੰਪਨੀ ਹਰ 6 ਮਹੀਨਿਆਂ ਬਾਅਦ ਸਟਾਕ ਦਾ ਆਡਿਟ ਕਰਦੀ ਹੈ | ਇਸੇ ਲੜੀ ਤਹਿਤ 31 ਅਕਤੂਬਰ 2025 ਨੂੰ ਹੋਏ ਆਡਿਟ ਵਿਚ ਕੁੱਲ 14,810 ਸ਼ੀਟਾਂ 'ਚੋਂ 1,060 ਸ਼ੀਟਾਂ ਘੱਟ ਨਿਕਲੀਆਂ | ਪੁੱਛਗਿੱਛ ਦੌਰਾਨ ਰਾਜ ਕਿਸ਼ੋਰ ਯਾਦਵ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਮੈਨੇਜਰ ਰਾਜ ਕਿਸ਼ੋਰ ਯਾਦਵ ਨੇ ਹੀ ਸ਼ੀਟਾਂ ਖੁਰਦ-ਬੁਰਦ ਕੀਤੀਆਂ ਹਨ | ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇਣ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |