15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਦਫ਼ਤਰ 'ਚ ਗ਼ੈਰਹਾਜ਼ਰ ਰਹਿਣ 'ਤੇ ਡੇਰਾਬੱਸੀ ਦੇ ਬੀ. ਡੀ. ਪੀ. ਓ. ਨੂੰ ਨੋਟਿਸ ਜਾਰੀ <br/>

ਅਜੀਤ ਡੈਸਕ 04-12-2025
ਡੇਰਾਬੱਸੀ, 3 ਦਸੰਬਰ (ਗੁਰਮੀਤ ਸਿੰਘ)-ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਡੇਰਾਬੱਸੀ ਹਲਕੇ 'ਚ ਸਿਆਸੀ ਪਿੜ ਪੂਰੀ ਤਰ੍ਹਾਂ ਭੱਖ ਚੁੱਕਾ ਹੈ | ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ ਅਤੇ ਆਪੋ ਆਪਣੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਚੋਣਾਂ ਸੰਬੰਧੀ ਲਾਮਬੰਦ ਕਰ ਰਹੀਆਂ ਹਨ | ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵਲੋਂ ਸਿਆਸੀ ਦਬਾਅ ਹੇਠ ਬੀ. ਡੀ. ਪੀ. ਓ. 'ਤੇ ਦਫ਼ਤਰ 'ਚੋਂ ਗ਼ੈਰਹਾਜ਼ਰ ਹੋਣ ਅਤੇ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਐਨ. ਓ. ਸੀ. ਜਾਰੀ ਨਾ ਕਰਨ ਦਾ ਦੋਸ਼ ਲਗਾਇਆ ਸੀ | ਇਸ ਦੇ ਚਲਦਿਆਂ ਚੋਣ ਕਮਿਸ਼ਨ ਵਲੋਂ ਬੀ. ਡੀ. ਪੀ. ਓ. ਡੇਰਾਬੱਸੀ ਬਲਜੀਤ ਸਿੰਘ ਸੋਹੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਬੀ. ਡੀ. ਪੀ. ਓ. ਨੂੰ ਸਵੇਰ 9 ਵਜੇ ਦਫ਼ਤਰੀ ਸਮੇਂ 'ਚ ਡਿਊਟੀ 'ਤੇ ਹਾਜ਼ਰ ਨਾ ਹੋਣ ਲਈ ਨੋਟਿਸ ਜਾਰੀ ਕੀਤਾ ਹੈ | ਇਸ ਦੀ ਪੁਸ਼ਟੀ ਕਰਦਿਆਂ ਬੀ. ਡੀ. ਪੀ. ਓ. ਬਲਜੀਤ ਸਿੰਘ ਸੋਹੀ ਨੇ ਕਿਹਾ ਕਿ ਉਹ ਬੀਤੇ ਕੱਲ੍ਹ 7 ਤਰੀਕ ਨੂੰ ਹੋਣ ਵਾਲੀ ਚੋਣ ਰਿਹਰਸਲ ਲਈ ਹਾਲ ਦੇਖਣ ਲਈ ਗਏ ਹੋਏ ਸਨ, ਜਿਸ ਦਾ ਜਵਾਬ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਰਾਹੀਂ ਚੋਣ ਕਮਿਸ਼ਨ ਨੂੰ ਦੇ ਦਿੱਤਾ ਹੈ | ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਹੀ ਸੰਬੰਧਤ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਐਨ. ਓ. ਸੀਜ਼ ਜਾਰੀ ਕਰ ਦਿੱਤੀਆਂ ਗਈਆਂ ਸਨ | ਉਨ੍ਹਾਂ ਕਿਹਾ ਕਿ ਕਿਸੇ ਵੀ ਉਮੀਦਵਾਰ ਦੀ ਐਨ. ਓ. ਸੀ. ਨਹੀਂ ਰੋਕੀ ਗਈ ਅਤੇ ਨਾ ਹੀ ਭਵਿੱਖ 'ਚ ਰੋਕੀ ਜਾਵੇਗੀ | ਦੂਜੇ ਪਾਸੇ ਨਾਮਜ਼ਦਗੀ ਦਾਖ਼ਲ ਕਰਨ ਦੇ ਤੀਜੇ ਦਿਨ ਵੀ ਕਿਸੇ ਉਮੀਦਵਾਰ ਨੇ ਆਪਣੀ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ | ਹੁਣ 4 ਤਰੀਕ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੰਤਿਮ ਦਿਨ ਹੀ ਸਾਰੀ ਪਾਰਟੀਆਂ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਬਸਪਾ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਜਾਣਗੇ | ਉਧਰ ਦੂਜੇ ਪਾਸੇ ਮਾਮਲੇ ਬਾਰੇ ਗੱਲਬਾਤ ਕਰਨ 'ਤੇ ਐਸ. ਡੀ. ਐਮ. ਡੇਰਾਬੱਸੀ ਅਮਿਤ ਗੁਪਤਾ ਨੇ ਕਿਹਾ ਕਿ ਅੱਜ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪੇਪਰ ਦਾਖ਼ਲ ਨਹੀਂ ਕੀਤੇ ਅਤੇ ਵੀਰਵਾਰ ਭਾਵ 4 ਦਸੰਬਰ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ | ਉਨ੍ਹਾਂ ਦੱਸਿਆ ਕਿ 5 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ, ਜਦਕਿ 6 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ | ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਸੂਚੀ 6 ਦਸੰਬਰ ਦੀ ਸ਼ਾਮ ਨੂੰ ਜਾਰੀ ਕੀਤੀ ਜਾਵੇਗੀ, ਜਦਕਿ 14 ਦਸੰਬਰ ਨੂੰ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਚੋਣ ਕਰਵਾਈ ਜਾਵੇਗੀ |

ਪਿਛਲੀ ਖ਼ਬਰ ਪੱਤੋ ਪਿੰਡ 'ਚ ਚੱਲੀ ਗੋਲੀ: ਇਕ ਨੌਜਵਾਨ ਜ਼ਖ਼ਮੀ, ਪੁਲਿਸ ਨੇ ਕੀਤੀ ਜਾਂਚ ਸ਼ੁਰੂ ਅਗਲੀ ਖ਼ਬਰ ਕੇਂਦਰ ਦੇ ਪ੍ਰੋਗਰਾਮ, 'ਪਰੰਪਰਾ' ਵਿਚ ਕੱਥਕ ਨਾਚ ਅਤੇ ਗਿਟਾਰ ਵਾਦਨ ਦੀ ਪੇਸ਼ਕਾਰੀ ਸਰੋਤਿਆਂ ਨੇ ਮਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।