ਐੱਸ. ਏ. ਐੱਸ. ਨਗਰ, 3 ਦਸੰਬਰ (ਕਪਿਲ ਵਧਵਾ)-ਥਾਣਾ ਆਈ.ਟੀ. ਸਿਟੀ ਇਲਾਕੇ ਅਧੀਨ ਆਉਂਦੇ ਪਿੰਡ ਪੱਤੋ ਵਿਚ ਇਕ ਨੌਜਵਾਨ ਵਲੋਂ ਚਲਾਈ ਗਈ ਲਾਇਸੰਸੀ ਪਿਸਤੌਲ ਦੀ ਗੋਲੀ ਦੂਜੇ ਨੌਜਵਾਨ ਦੀ ਬਾਂਹ ਨੂੰ ਜਾ ਲੱਗੀ | ਜਿਸ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸ. ਐਚ. ਓ. ਅਮਨਦੀਪ ਕੰਬੋਜ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਪਾਸਿਆਂ ਵਲੋਂ ਗਲਤਫ਼ਹਮੀ ਦੇ ਕਰਕੇ ਇਹ ਫਾਇਰਿੰਗ ਹੋਈ | ਥਾਣਾ ਇੰਚਾਰਜ ਅਮਨ ਕੰਬੋਜ ਨੇ ਦੱਸਿਆ ਕਿ ਮੁਹਾਲੀ ਵਾਸੀ ਅਨਿਕੇਤ ਦਾ ਗੁੰਮ ਹੋਇਆ ਮੋਬਾਈਲ ਫੋਨ ਪੱਤੋ ਪਿੰਡ ਦੇ ਰਹਿਣ ਵਾਲੇ ਅਜਮੇਰ ਸਿੰਘ ਨੂੰ ਮਿਲਿਆ ਸੀ | ਅਜਮੇਰ ਨੇ ਅਨਿਕੇਤ ਨੂੰ ਇਹ ਸੂਚਨਾ ਦੇ ਕੇ ਕਿਹਾ ਕਿ ਸਵੇਰੇ ਆ ਕੇ ਆਪਣਾ ਮੋਬਾਈਲ ਲੈ ਜਾਈਾ | ਪਰ ਅਨਿਕੇਤ ਰਾਤ ਨੂੰ ਹੀ ਆਪਣੇ ਦੋਸਤਾਂ ਦੇ ਨਾਲ ਮੋਬਾਈਲ ਦੀ ਲੋਕੇਸ਼ਨ ਟਰੈਕ ਕਰਦਾ ਹੋਇਆ ਅਜਮੇਰ ਦੇ ਘਰ ਪਹੁੰਚ ਗਿਆ | ਅਨਿਕੇਤ ਅਤੇ ਉਸ ਦੇ ਸਾਥੀਆਂ ਨੇ ਘਰ ਦਾ ਦਰਵਾਜ਼ਾ ਵਾਰ-ਵਾਰ ਖੜਕਾਇਆ | ਇਸ ਦੌਰਾਨ ਅਜਮੇਰ ਦਾ ਭਰਾ, ਜੋ ਘਰ ਅੰਦਰ ਮੌਜੂਦ ਸੀ, ਬਾਹਰ ਆਇਆ | ਉਸ ਨੂੰ ਲੱਗਿਆ ਕਿ ਸ਼ਾਇਦ ਘਰ 'ਤੇ ਕਿਸੇ ਨੇ ਹਮਲਾ ਕਰ ਦਿੱਤਾ ਹੈ | ਗਲਤਫ਼ਹਮੀ ਵਿਚ ਉਸ ਨੇ ਆਪਣੀ ਲਾਇਸੰਸੀ ਪਿਸਤੌਲ ਨਾਲ ਹਵਾਈ ਫਾਇਰ ਕਰ ਦਿੱਤਾ ਤੇ ਇਕ ਗੋਲੀ ਅਨਿਕੇਤ ਦੀ ਬਾਂਹ ਵਿਚ ਜਾ ਲੱਗੀ | ਅਨਿਕੇਤ ਦੇ ਸਾਥੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸਦਾ ਇਲਾਜ ਕੀਤਾ ਗਿਆ | ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਪੁਸ਼ਟੀ ਹੋਈ ਹੈ ਕਿ ਇਹ ਪੂਰੀ ਘਟਨਾ ਇਕ ਗਲਤਫ਼ਹਮੀ ਦਾ ਨਤੀਜਾ ਸੀ ਨਾ ਕਿ ਕੋਈ ਤਣਾਵ ਜਾਂ ਰੰਜਿਸ਼ | ਥਾਣਾ ਇੰਚਾਰਜ ਦੇ ਮੁਤਾਬਕ, ਜ਼ਖ਼ਮੀ ਅਨਿਕੇਤ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ | ਪੁਲਿਸ ਮਾਮਲੇ ਦੀ ਤਫ਼ਤੀਸ਼ ਵਿਚ ਜੁਟੀ ਹੋਈ ਹੈ |