11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਡੇਰਾਬੱਸੀ ਦੇ ਵੀ. ਆਈ. ਪੀ. ਗੈਸਟ ਹਾਊਸ ਮਾਲਕ ਦੇ ਕੁਆਰਟਰ 'ਚੋਂ ਗਹਿਣੇ ਤੇ ਨਕਦੀ ਚੋਰੀ

ਅਜੀਤ ਡੈਸਕ 06-12-2025
ਡੇਰਾਬੱਸੀ, 5 ਦਸੰਬਰ (ਰਣਬੀਰ ਸਿੰਘ ਪੜੀ)-ਡੇਰਾਬੱਸੀ-ਅੰਬਾਲਾ-ਚੰਡੀਗੜ੍ਹ ਹਾਈਵੇਅ ਨੇੜੇ ਸਥਿਤ ਵੀ. ਆਈ. ਪੀ. ਗੈਸਟ ਹਾਊਸ ਦੇ ਮਾਲਕ ਦੇ ਕੁਆਰਟਰ 'ਚੋਂ ਲਗਪਗ ਛੇ ਤੋਲੇ ਸੋਨਾ ਤੇ ਇਕ ਲੱਖ ਰੁ. ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ 'ਚ ਗੈਸਟ ਹਾਊਸ ਦੇ ਨੌਕਰ 'ਤੇ ਸ਼ੱਕ ਜਤਾਇਆ ਗਿਆ ਹੈ, ਕਿਉਂਕਿ ਘਰ ਵਿਚ ਨਾ ਕੋਈ ਤਾਲਾ ਟੁੱਟਿਆ ਮਿਲਿਆ ਤੇ ਨਾ ਹੀ ਅਲਮਾਰੀ ਦਾ ਲਾਕ ਤੋੜਿਆ ਗਿਆ | ਜਾਣਕਾਰੀ ਅਨੁਸਾਰ ਭਵਿਸ਼ ਡਾਹਰੀ ਪੁੱਤਰ ਅਸ਼ੋਕ ਡਾਹਰੀ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਸ ਦਾ ਵੱਡਾ ਭਰਾ ਵਿਦੇਸ਼ 'ਚ ਰਹਿੰਦਾ ਹੈ | ਭਵਿਸ਼ ਇਸ ਸਮੇਂ ਇਕ ਨਜ਼ਦੀਕੀ ਕਾਲਜ 'ਚ ਫਾਰਮੇਸੀ ਦੇ ਆਖਰੀ ਸਾਲ ਦੀ ਪੜ੍ਹਾਈ ਕਰ ਰਿਹਾ ਹੈ ਤੇ ਗੈਸਟ ਹਾਊਸ ਦੀ ਉਪਰਲੀ ਮੰਜ਼ਿਲ 'ਤੇ ਸਥਿਤ ਦੋ ਬੈਡਰੂਮ ਵਾਲੇ ਕੁਆਰਟਰ 'ਚ ਇਕੱਲਾ ਰਹਿੰਦਾ ਸੀ | ਉਕਤ ਮਾਮਲੇ ਦੀ ਜਾਣਕਾਰੀ ਦਿੰਦਿਆਂ ਭਵਿਸ਼ ਨੇ ਦੱਸਿਆ ਕਿ ਉਸ ਵਲੋਂ ਵੀਰਵਾਰ ਸ਼ਾਮ ਜਦੋਂ ਅਲਮਾਰੀ ਖੋਲ੍ਹਣ 'ਤੇ ਵੇਖਿਆ ਗਿਆ ਤਾਂ ਉਸ ਨੂੰ ਅਲਮਾਰੀ ਅੰਦਰ ਰੱਖੇ ਗਹਿਣੇ ਤੇ ਨਕਦੀ ਗਾਇਬ ਮਿਲੇ | ਉਸ ਦੇ ਮੁਤਾਬਕ ਇਹ ਚੋਰੀ ਗੈਸਟ ਹਾਊਸ ਦੇ ਉਸ ਨੌਕਰ ਨੇ ਹੀ ਕੀਤੀ ਹੋ ਸਕਦੀ ਹੈ ਜੋ ਪਿਛਲੇ ਦੋ ਮਹੀਨਿਆਂ ਤੋਂ ਸੇਵਾ 'ਚ ਰੱਖਿਆ ਗਿਆ ਸੀ | ਭਵਿਸ਼ ਨੇ ਦਲੀਲ ਦਿੱਤੀ ਕਿ ਸਫਾਈ ਦੇ ਲਈ ਉਸ ਨੌਕਰ ਕੋਲ ਕਮਰੇ ਦੀ ਚਾਬੀ ਰਹਿੰਦੀ ਸੀ, ਜਿਸ ਦੀ ਵਰਤੋਂ ਕਰਕੇ ਉਸ ਨੇ ਅਲਮਾਰੀ ਦੀ ਡੁਪਲੀਕੇਟ ਚਾਬੀ ਤਿਆਰ ਕਰ ਲਈ ਹੋਵੇਗੀ | ਭਵਿਸ਼ ਨੇ ਕਿਹਾ ਕਿ ਚੋਰੀ ਕਦੋਂ ਹੋਈ, ਇਸ ਬਾਰੇ ਉਸ ਨੂੰ ਸਹੀ ਪਤਾ ਨਹੀਂ, ਕਿਉਂਕਿ ਤਾਲੇ ਬਿਲਕੁਲ ਸਹੀ ਸਥਿਤੀ ਵਿਚ ਮਿਲੇ | ਉਕਤ ਮਾਮਲੇ ਦੀ ਸ਼ਿਕਾਇਤ ਮਿਲਣ ਉਪਰੰਤ ਪੁਲਿਸ ਨੇ ਨੌਕਰ ਨੂੰ ਤਫਤੀਸ਼ ਲਈ ਸੱਦਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਤੱਥਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਚੋਰੀ ਦੇ ਅਸਲ ਕਾਰਨਾਂ ਦਾ ਪਤਾ ਲਗਾ ਲਿਆ ਜਾਵੇਗਾ |

ਪਿਛਲੀ ਖ਼ਬਰ ਢਕੌਲੀ ਪੁਲਿਸ ਨੇ ਤਿੰਨ ਸਪਾ ਸੈਂਟਰਾਂ ਦੇ ਮਾਲਕਾਂ ਤੇ ਕਿਰਾਏਦਾਰਾਂ ਵਿਰੁੱਧ ਦਰਜ ਕੀਤਾ ਕੇਸ ਅਗਲੀ ਖ਼ਬਰ 2 ਲੱਖ ਦੀ ਠੱਗੀ ਮਾਰਨ ਦੀ ਸ਼ਿਕਾਇਤ ਦੇਣ 'ਤੇ ਪੁਲਿਸ ਨੇ ਜਾਂਚ ਕੀਤੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।