ਰਾਮਾਂ ਮੰਡੀ, 19 ਜੂਨ (ਤਰਸੇਮ ਸਿੰਗਲਾ)-ਪਿੰਡ ਕਮਾਲੂ ਅਤੇ ਬਾਘਾ ਰੋਡ ਦੇ ਵਿਚਕਾਰ ਸਥਿਤ ਜੈਨੀਸਿਸ ਪਾਇਰੋਟੈਕ ਪ੍ਰਾਈਵੇਟ ਲਿਮਟਿਡ ਪੁਰਾਣੇ ਟਾਇਰਾਂ ਵਿਚੋਂ ਤੇਲ ਕੱਢਣ ਵਾਲੀ ਫ਼ੈਕਟਰੀ 'ਚੋਂ ਨਿਕਲਦੇ ਕਾਲੇ ਧੰੂਏਾ ਅਤੇ ਮਚਦੇ ਟਾਇਰਾਂ ਦੀ ਗੰਦੀ ਬਦਬੂ ਤੋਂ ਪ੍ਰੇਸ਼ਾਨ ਪਿੰਡ ਕਮਾਲੂ ਦੇ ਲੋਕ ਫ਼ੈਕਟਰੀ ਬੰਦ ਕਰਾਉਣ ਦੀ ਜ਼ਿੱਦ 'ਤੇ ਅੜੇ ਹੋਏ ਹਨ | ਮੌਜੂਦਾ ਅਤੇ ਸਾਬਕਾ ਪੰਚਾਇਤ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਪਿਛਲੇ ਇੱਕ ਮਹੀਨੇ ਤੋਂ ਫ਼ੈਕਟਰੀ ਦੇ ਨਾਲ ਲਗਾਤਾਰ ਲਾਇਆ ਗਿਆ ਪੱਕਾ ਸ਼ਾਂਤਮਈ ਧਰਨਾ ਅੱਜ ਦੂਜੀ ਵਾਰ ਵੀ ਪੁਲਿਸ ਪ੍ਰਸ਼ਾਸਨ ਚੁਕਾਉਣ ਵਿਚ ਅਸਫਲ ਰਿਹਾ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਬੀਤੀ 4 ਜੂਨ ਨੂੰ ਰਾਮਾਂ ਪੁਲਿਸ ਵਲੋਂ ਵੱਡੀ ਪੁਲਿਸ ਗਿਣਤੀ ਫੋਰਸ ਦੇ ਧਰਨਾ ਚੁਕਾਉਣ ਲਈ ਧਰਨਾਕਾਰੀਆਂ ਨੂੰ ਗਿ੍ਫ਼ਤਾਰ ਕਰਕੇ ਰਾਮਾਂ ਥਾਣੇ ਵਿਚ ਬਿਠਾ ਦਿੱਤਾ ਗਿਆ ਸੀ, ਪਰ ਸ਼ਾਮ ਸਮੇਂ ਧਰਨਾਕਾਰੀਆਂ ਨੂੰ ਛੱਡ ਦਿੱਤਾ ਗਿਆ | ਜਿਸ ਤੋਂ ਬਾਅਦ ਉਨ੍ਹਾਂ ਫਿਰ ਵਾਪਸ ਜਾ ਕੇ ਧਰਨਾ ਲਾ ਲਿਆ | ਅੱਜ ਦੁਬਾਰਾ ਫਿਰ ਡੀਐਸਪੀ ਰਾਜੇਸ਼ ਸਨੇਹੀ ਤਲਵੰਡੀ ਸਾਬੋ ਅਤੇ ਰਾਮਾਂ ਥਾਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਧਰਨਾ ਚੁਕਾਉਣ ਲਈ ਪਹੁੰਚੇ, ਪਰ ਅੱਜ ਫਿਰ ਪੁਲਿਸ ਹੱਥ ਅਸਫਲਤਾ ਹੀ ਲੱਗੀ ਅਤੇ ਪਰਨਾਲਾ ਉਥੇ ਦਾ ਉਥੇ ਰਿਹਾ | ਅੱਜ ਧਰਨਾਕਾਰੀਆਂ ਵਲੋਂ ਪੁਲਿਸ ਦੀ ਹਾਜ਼ਰੀ ਵਿਚ ਇਕ ਇਕਰਾਰਨਾਮਾ ਲਿਖਿਆ ਗਿਆ, ਜਿਸ ਦੇ ਅਨੁਸਾਰ ਪ੍ਰਦੂਸ਼ਣ ਬੋਰਡ ਦੇ ਉਚ ਅਧਿਕਾਰੀਆਂ ਵਲੋਂ ਪਹਿਲਾਂ ਬੰਦ ਅਤੇ ਫਿਰ ਫ਼ੈਕਟਰੀ ਚਲਾ ਕੇ ਪ੍ਰਦੂਸ਼ਣ ਚੈੱਕ ਕੀਤਾ ਜਾਵੇਗਾ ਅਤੇ ਉਸ ਦੀ ਰਿਪ੍ਰੋਟ ਡੀ.ਸੀ.ਸਾਹਿਬ ਅਤੇ ਸਬੰਧਿਤ ਵਿਭਾਗ ਨੂੰ ਦਿੱਤੀ ਜਾਵੇਗੀ | ਜਦੋਂ ਤੱਕ ਪਿੰਡ ਵਾਸੀਆਂ ਦੀ ਤਸੱਲੀ ਨਹੀਂ ਹੋ ਜਾਂਦੀ ਫ਼ੈਕਟਰੀ ਚੱਲਣ ਨਹੀਂ ਦਿੱਤੀ ਜਾਵੇਗੀ | ਫ਼ੈਕਟਰੀ ਅੰਦਰ ਵੱਡਾ ਵਹੀਕਲ ਨਹੀਂ ਜਾਣ ਦਿੱਤਾ ਜਾਵੇਗਾ, ਸਿਰਫ਼ ਫ਼ੈਕਟਰੀ ਮਾਲਕ ਅਤੇ ਉਸ ਦੇ ਪਰਿਵਾਰਕ ਮੈਂਬਰ ਹੀ ਫ਼ੈਕਟਰੀ ਅੰਦਰ ਆ ਜਾ ਸਕਦੇ ਹਨ | ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਕਮਾਲੂ ਦੇ ਲੋਕ ਇਕ ਮਹੀਨੇ ਤੋਂ ਧਰਨੇ ਤੇ ਬੈਠੇ ਹਨ, ਪਰ ਸਰਕਾਰ ਇੱਕ ਮਹੀਨੇ ਵਿੱਚ ਪਿੰਡ ਵਾਸੀਆਂ ਦੀ ਤਸੱਲੀ ਨਹੀਂ ਕਰਵਾ ਸਕੀ | ਪੰਜਾਬ ਵਿੱਚ ਕਮਜ਼ੋਰ ਸਰਕਾਰ ਦਾ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ | ਪਿੰਡ ਵਾਸੀ ਆਪਣੇ ਕਾਰੋਬਾਰ ਛੱਡ ਕੇ ਕੜਕਦੀ ਧੁੱਪ ਵਿਚ ਧਰਨਾ ਲਾਉਣ ਲਈ ਮਜਬੂਰ ਹਨ |