01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸੀਵਰੇਜ ਦੀ ਗੰਦਗੀ 'ਚ ਫਸੀ ਸੰਗਤ ਮੰਡੀ ਵਾਸੀਆਂ ਦੀ ਜ਼ਿੰਦਗੀ, ਸੀਵਰੇਜ ਬੋਰਡ ਨੇ ਲਾਵਾਰਸਾਂ ਵਾਂਗ ਛੱਡਿਆ ਸੀਵਰੇਜ <br/>

ਸੰਗਤ ਮੰਡੀ ਦੇ ਮੁੱਖ ਬਾਜ਼ਾਰ ਅਤੇ ਸਬ ਤਹਿਸੀਲ ਦੇ ਗੇਟ ਅੱਗੇ ਸੀਵਰੇਜ ਦਾ ਖੜ੍ਹਾ ਪਾਣੀ ਪ੍ਰਸ਼ਾਸਨ ਦੀ ਅਣਗਹਿਲੀ ਦਾ ਅਹਿਸਾਸ ਕਰਵਾ ਰਿਹਾ | ਤਸਵੀਰਾਂ : ਸੁਖਤੇਜ ਧਾਲੀਵਾਲ <br/> 20-06-2025

ਸੰਗਤ ਮੰਡੀ, 19 ਜੂਨ (ਸੁਖਤੇਜ ਧਾਲੀਵਾਲ)-ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਆਪਸੀ ਖਿੱਚੋਤਾਣ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਸੰਗਤ ਮੰਡੀ ਦੇ ਲੋਕਾਂ ਦੀ ਜ਼ਿੰਦਗੀ ਸੀਵਰੇਜ ਦੀ ਗੰਦਗੀ 'ਚ ਅਜਿਹੀ ਫਸ ਗਈ ਹੈ, ਜਿੱਥੋਂ ਲੋਕਾਂ ਨੂੰ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਲੱਭ ਰਿਹਾ ਹੈ | ਬਠਿੰਡਾ ਦਿਹਾਤੀ ਹਲਕੇ ਦੀ ਪ੍ਰਸਿੱਧ ਸੰਗਤ ਮੰਡੀ ਦੇ ਮੁੱਖ ਬਾਜ਼ਾਰ 'ਚ ਕਾਲੇ ਰੰਗ ਦਾ ਸੜ੍ਹਾਂਦ ਮਾਰਦਾ ਗੰਦਾ ਪਾਣੀ ਗਲੀਆਂ ਅਤੇ ਘਰਾਂ ਅੱਗੇ ਹਰ ਸਮੇਂ ਖੜ੍ਹਾ ਰਹਿੰਦਾ ਹੈ , ਜਿਸ ਨਾਲ ਇੱਥੋਂ ਦੇ ਬਾਸ਼ਿੰਦਿਆਂ ਦੀ ਸਥਿਤੀ ਬਦ ਤੋਂ ਬਦਤਰ ਬਣ ਗਈ ਹੈ | ਮੰਡੀ ਵਾਸੀਆਂ ਮੁਤਾਬਿਕ ਪਿਛਲੇ ਲੰਮੇ ਸਮੇਂ ਤੋਂ ਇਸ ਸਮੱਸਿਆ ਨੇ ਉਨ੍ਹਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ, ਪਰ ਸਰਕਾਰ ਕੋਈ ਹੱਲ ਨਹੀਂ ਕੱਢ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਮੰਡੀ ਦੇ ਲੋਕਾਂ ਨੂੰ ਆਪਣੇ ਸੰਗਤ ਦਰਸ਼ਨ ਦੌਰਾਨ ਸੀਵਰੇਜ ਪ੍ਰੋਜੈਕਟ ਦੀ ਸਹੂਲਤ ਦੇ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਸੀ | ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਬਾਦਲ ਸਰਕਾਰ ਨੇ ਆਪਣੇ ਵਲੋਂ ਤਾਂ ਸਹੂਲਤ ਦਿੱਤੀ ਸੀ, ਪਰ ਹੁਣ ਉਹੀ ਸੀਵਰੇਜ ਸਰਕਾਰਾਂ ਦੀ ਅਣਦੇਖੀ ਕਾਰਨ ਨਰਕ ਦਾ ਰੂਪ ਧਾਰ ਗਿਆ ਹੈ | ਉਨ੍ਹਾਂ ਆਖਿਆ ਕਿ ਪਹਿਲਾਂ ਕਾਂਗਰਸ ਨੇ ਪੰਜ ਸਾਲ ਸਾਰ ਨਹੀਂ ਲਈ ਤੇ ਹੁਣ ਮੌਜੂਦਾ ਸਰਕਾਰ ਦੇ ਤਿੰਨ ਸਾਲ ਮਗਰੋਂ ਵੀ ਗੰਦਗੀ ਤੋਂ ਖਹਿੜਾ ਨਹੀਂ ਛੁੱਟ ਸਕਿਆ ਹੈ | ਲੋਕ ਆਖਦੇ ਹਨ ਕਿ ਹੁਣ ਤਾਂ ਮੰਡੀ ਦੀ ਹਾਲਤ ਏਨੀ ਜ਼ਿਆਦਾ ਤਰਸਯੋਗ ਹੋ ਗਈ ਹੈ, ਜਿਸ ਨੂੰ ਬਿਆਨ ਕਰਨਾ ਵੀ ਮੁਸ਼ਕਿਲ ਹੈ | ਗੰਦੇ ਪਾਣੀ ਦੀ ਬਦਬੂ ਨੇ ਲੋਕਾਂ ਦੇ ਨੱਕ ਬੰਦ ਕਰਾ ਦਿੱਤੇ ਹਨ, ਜਿਸ ਨੂੰ ਲੈਕੇ ਮੰਡੀ ਵਾਸੀਆਂ 'ਚ ਮੌਜੂਦਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਦਾ ਮਾਹੌਲ ਬਣਿਆ ਹੋਇਆ ਹੈ | ਮੰਡੀ 'ਚ ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਬਲਕਿ ਲਗਾਤਾਰ ਪਿਛਲੇ ਤਿੰਨ ਵਰਿ੍ਹਆਂ ਤੋਂ ਸੀਵਰੇਜ ਦਾ ਇਹ ਹਾਲ ਹੈ, ਜੋ ਕਿ ਪਾਣੀ ਦੀ ਨਿਕਾਸੀ ਲਈ ਬਣਾਇਆ ਗਿਆ ਸੀ, ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ | ਹੁਣ ਜਦੋਂ ਬਰਸਾਤਾਂ ਦਾ ਮੌਸਮ ਸਿਰ 'ਤੇ ਆ ਖੜ੍ਹਾ ਹੈ, ਤਾਂ ਲੋਕਾਂ ਨੂੰ ਹੋਰ ਵੀ ਡਰ ਸਤਾਉਣ ਲੱਗਾ ਹੈ ਕਿ ਜੇਕਰ ਜ਼ਿਆਦਾ ਮੀਂਹ ਆਉਂਦਾ ਹੈ ਤਾਂ ਮੰਡੀ ਦੇ ਲੋਕਾਂ ਨੂੰ ਹੜ੍ਹਾਂ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਮੰਡੀ ਵਾਸੀ ਅਤੇ ਭਾਜਪਾ ਦੇ ਸੀਨੀਅਰ ਆਗੂ ਮੁਨੀਸ਼ ਕੁਮਾਰ ਟਿੰਕੂ ਨੇ ਦੱਸਿਆ ਕਿ ਸਭ ਤੋਂ ਮਾੜਾ ਹਾਲ ਮੰਡੀ ਦੇ ਮੁੱਖ ਬਾਜ਼ਾਰ ਦਾ ਹੈ | ਜਿੱਥੇ ਹਰ ਸਮੇਂ ਖੜ੍ਹਾ ਸੀਵਰੇਜ ਦਾ ਕਾਲਾ ਪਾਣੀ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਆਰਥਿਕ ਸੱਟ ਮਾਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੰਡੀ ਦੇ ਸਬ ਤਹਿਸੀਲ ਵਾਲੇ ਪਾਸੇ ਤਾਂ ਬੇਹੱਦ ਮੰਦਾ ਹਾਲ ਹੈ, ਜਿੱਥੇ ਹਰ ਰੋਜ਼ ਆਉਣ-ਜਾਣ ਵਾਲਿਆਂ ਨੂੰ ਗੰਦੇ ਪਾਣੀ ਦੇ ਸਮੁੰਦਰ ਵਿਚੋਂ ਦੀ ਲੰਘਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਕਿਸੇ ਦੇ ਦੁੱਖ ਦੇ ਸਮੇਂ ਮਿ੍ਤਕ ਸਰੀਰ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਲਿਜਾਉਣ ਸਮੇਂ ਵੀ ਲੋਕ ਗੰਦਗੀ ਵਿਚੋਂ ਦੀ ਲੰਘ ਕੇ ਜਾਂਦੇ ਹਨ, ਤਾਂ ਬਾਹਰੋਂ ਆਏ ਰਿਸ਼ਤੇਦਾਰਾਂ ਦੇ ਸਾਹਮਣੇ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ | ਮੰਡੀ ਦੇ ਪਤਵੰਤਿਆਂ ਨੇ ਕਈ ਵਾਰ ਗੰਦੇ ਪਾਣੀ ਦਾ ਮਸਲਾ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਸੀ, ਪਰ ਸਿਵਾਏ ਝੂਠੇ ਦਾਅਵਿਆਂ ਦੇ ਕੋਈ ਹੱਲ ਨਹੀਂ ਨਿਕਲ ਸਕਿਆ ਹੈ |
ਸਕੂਲੀ ਬੱਚਿਆਂ ਲਈ ਸੰਕਟ-ਸ਼ਰਮਾ
ਮੰਡੀ ਵਾਸੀ ਸਮਾਜ ਸੇਵੀ ਅਮਿ੍ਤਪਾਲ ਸ਼ਰਮਾ ਦਾ ਕਹਿਣਾ ਸੀ ਕਿ ਕਾਫੀ ਇਲਾਕੇ 'ਚ ਸਥਿਤੀ ਐਨੀ ਤਰਸ਼ਯੋਗ ਹੈ ਕਿ ਰਿਸ਼ਤੇਦਾਰ ਵੀ ਉਨ੍ਹਾਂ ਕੋਲ ਆਉਣ ਤੋਂ ਪਾਸਾ ਵੱਟਣ ਲੱਗੇ ਹਨ | ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਆਉਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਚਿੱਕੜ ਅਤੇ ਗੰਦਗੀ ਭਰਪੂਰ ਰਸਤੇ ਰਾਹੀਂ ਬੱਚਿਆਂ ਨੂੰ ਲਿਆਉਣਾ ਅਤੇ ਲਿਜਾਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ |
ਨਗਰ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਦਾ ਕੀ ਕਹਿਣਾ-ਨਗਰ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸੀਵਰੇਜ ਸਿਸਟਮ ਦੀ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ | ਫਿਰ ਵੀ ਉਹ ਸਮੱਸਿਆ ਨੂੰ ਹੱਲ ਕਰਵਾਉਣ ਲਈ ਨਗਰ ਕੌਂਸਲ ਲਗਾਤਾਰ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੇ ਫ਼ੰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਟੈਂਡਰ ਵੀ 7 ਫਰਵਰੀ ਨੂੰ ਖੁੱਲ੍ਹ ਚੁੱਕੇ ਹਨ, ਪਰ ਕੰਮ ਕਿਉਂ ਨਹੀਂ ਚਾਲੂ ਕੀਤਾ ਜਾ ਰਿਹਾ | ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ |

ਪਿਛਲੀ ਖ਼ਬਰ ਨਗਰ ਕੌਂਸਲ ਤਲਵੰਡੀ ਸਾਬੋ ਦੀ ਮੀਟਿੰਗ ਦੌਰਾਨ ਕਰੀਬ 3 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਮਤੇ ਪਾਸ <br/> ਅਗਲੀ ਖ਼ਬਰ ਪੱਕਾ ਧਰਨਾ ਚੁਕਾਉਣ 'ਚ ਦੂਜੀ ਵਾਰ ਵੀ ਅਸਫ਼ਲ ਰਹੀ ਪੁਲਿਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।