ਤਲਵੰਡੀ ਸਾਬੋ, 19 ਜੂਨ (ਰਣਜੀਤ ਸਿੰਘ ਰਾਜੂ)-ਨਗਰ ਕੌਂਸਲ ਤਲਵੰਡੀ ਸਾਬੋ ਦੀ ਇਕ ਮੁਹਿੰਮ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਕੁਲਵੀਰ ਕੌਰ ਸਰਾਂ ਦੀ ਅਗਵਾਈ ਵਿਚ ਕੀਤੀ ਗਈ ਜਿਸ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਇਲਾਵਾ ਸਾਰੇ ਕੌਂਸਲਰਾਂ ਨੇ ਸ਼ਮੂਲੀਅਤ ਕਰਦਿਆਂ ਜਿੱਥੇ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੂਰ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ ਉੁੱਥੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਮਤੇ ਵੀ ਪਾਸ ਕੀਤੇ ਗਏ | ਨਗਰ ਕੌਂਸਲ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਹੋਈ ਮੀਟਿੰਗ ਵਿਚ ਸ਼ਹਿਰ ਦੀ ਸਫ਼ਾਈ, ਸੀਵਰੇਜ ਸਿਸਟਮ ਦੇ ਸੁਧਾਰ, ਲਾਈਟਾਂ ਲਗਾਉਣ ਅਤੇ ਸੜਕਾਂ ਦੇ ਨਿਰਮਾਣ ਆਦਿ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ ਗਈ | ਇਸ ਮੌਕੇ ਨਗਰ ਅੰਦਰ ਵੱਖ-ਵੱਖ ਸੜਕਾਂ ਬਣਾਉਣ, ਸਫ਼ਾਈ ਲਈ ਮਸ਼ੀਨ ਲਿਆਉਣ, ਕਮਿਊਨਿਟੀ ਹਾਲ ਨੂੰ ਏ.ਸੀ. ਕਰਨ ਅਤੇ ਸ਼ਹਿਰ ਵਿਚ ਜਨਤਕ ਥਾਵਾਂ 'ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਵਰਗੇ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ | ਨਗਰ ਕੌਂਸਲ ਦੀ ਪ੍ਰਧਾਨ ਕੁਲਵੀਰ ਕੌਰ ਸਰਾਂ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਦੇ ਨਾਲ ਨਾਲ ਸੀਵਰੇਜ ਸਿਸਟਮ ਠੀਕ ਰੱਖਣਾ ਮੁੱਖ ਕਾਰਜ ਹਨ ਉੱਥੇ ਸ਼ਹਿਰ ਦੀਆਂ ਗਲੀਆਂ ਚ ਰੌਸ਼ਨੀ ਬਾਰੇ ਅਤੇ ਪੀਣ ਵਾਲੇ ਪਾਣੀ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਵਾਸਤੇ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ,ਉਨ੍ਹਾਂ ਕਿਹਾ ਕਿ ਕਰੀਬ 3 ਕਰੋੜ ਰੁਪਏ ਦੇ ਨਵੇਂ ਵਿਕਾਸ ਕਾਰਜਾਂ ਲਈ ਅੱਜ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ ਹਨ ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਾਸੀਆਂ ਦੀਆਂ ਕਈ ਸਮੱਸਿਆਵਾਂ ਦੂਰ ਹੋ ਸਕਣਗੀਆਂ | ਮੀਟਿੰਗ ਵਿਚ ਵਿਪਨ ਕੁਮਾਰ ਅਫ਼ਸਰ ਕਾਰਜ ਸਾਧਕ, ਦਵਿੰਦਰ ਸ਼ਰਮਾ ਜੇ.ਈ., ਵਰਮਦੇਵ ਸਿੰਘ ਵਾਈਸ ਪ੍ਰਧਾਨ ਨਗਰ ਕੌਂਸਲ, ਸਰਬਜੀਤ ਕੌਰ, ਮਨਜੀਤ ਕੌਰ, ਸੀਬੋ ਕੌਰ, ਗੁਰਪ੍ਰੀਤ ਸਿੰਘ ਕੀਪਾ, ਸੁਖਦੇਵ ਸਿੰਘ, ਹਰਬੰਸ ਕੌਰ, ਮਨਪ੍ਰੀਤ ਸਿੰਘ ਸੋਨੀ, ਬੁੱਧ ਰਾਮ ਸਾਰੇ 'ਆਪ' ਕੌਂਸਲਰ, ਰਵੀ ਕੁਮਾਰ ਕੋਕੀ ਅਕਾਲੀ ਕੌਂਸਲਰ, ਸਿਮਰਤ ਕੌਰ ਚੱਠਾ ਅਤੇ ਭਰਪੂਰ ਸਿੰਘ ਦੋਵੇਂ ਕਾਂਗਰਸੀ ਕੌਂਸਲਰ ਮੌਜੂਦ ਰਹੇ |
ਨਗਰ ਕੌਂਸਲ ਤਲਵੰਡੀ ਸਾਬੋ ਦੀ ਮੀਟਿੰਗ ਦੌਰਾਨ ਕਰੀਬ 3 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਮਤੇ ਪਾਸ <br/>
ਵਿਕਾਸ ਕਾਰਜਾਂ ਸੰਬੰਧੀ ਮੀਟਿੰਗ ਉਪਰੰਤ ਅਧਿਕਾਰੀਆਂ ਅਤੇ ਕੌਂਸਲਰਾਂ ਸਮੇਤ ਪ੍ਰਧਾਨ ਕੁਲਵੀਰ ਕੌਰ ਸਰਾਂ | <br/>
20-06-2025