ਰਾਮਪੁਰਾ ਫੂਲ, 19 ਜੂਨ (ਹੇਮੰਤ ਕੁਮਾਰ ਸ਼ਰਮਾ)-ਜੁਝਾਰ ਸਿੰਘ ਯੁਵਕ ਸੇਵਾਵਾਂ ਕਲੱਬ ਫੂਲ ਟਾਊਨ ਵਲੋਂ ਕਰਵਾਇਆ ਗਿਆ 24ਵਾਂ ਦੋ ਦਿਨਾਂ ਕਬੱਡੀ ਅਤੇ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਬੀਬੀ ਪਾਰੋ ਮੰਦਰ ਦੀ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਦੂਰ ਦੂਰ ਤੋਂ ਕਬੱਡੀ ਅਤੇ ਫੁੱਟਬਾਲ ਦੀਆਂ ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸਰਬਜੀਤ ਸਿੰਘ ਖਾਲਸਾ ਐਮ ਪੀ ਫਰੀਦਕੋਟ ਹਾਜ਼ਰ ਹੋਏ | ਇਨਾਮ ਵੰਡ ਸਮਾਰੋਹ ਦੌਰਾਨ ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ, ਜਸ ਬੱਜੋਆਣਾ, ਵੀਰ ਬਹਾਦਰ ਸਿੰਘ ਧਾਲੀਵਾਲ ਪ੍ਰਧਾਨ ਟਰੱਕ ਯੂਨੀਅਨ ਰਾਮਪੁਰਾ ਫੂਲ, ਡਾਕਟਰ ਅਵਤਾਰ ਸਿੰਘ ਢਿਪਾਲੀ ਹਾਜ਼ਰ ਹੋਏ | ਟੂਰਨਾਮੈਂਟ ਦੌਰਾਨ ਕਬੱਡੀ ਓਪਨ ਵਿਚ ਘਰਾਚੋਂ ਪਹਿਲਾ ਸਥਾਨ ਅਤੇ ਕੌਲੋਕੇ ਦੂਜਾ ਸਥਾਨ, ਕਬੱਡੀ 72 ਕਿੱਲੋ ਵਿਚ ਡੇਰਾ ਖੋਖਰ ਪਹਿਲਾ ਅਤੇ ਸੇਲਬਰਾਹ ਦੂਜਾ ਅਤੇ ਕਬੱਡੀ 50 ਕਿੱਲੋ ਵਿਚ ਡੋਡ ਪਹਿਲਾ ਅਤੇ ਕੜਿਆਲ ਦੂਜਾ ਰਹੇ ਅਤੇ ਫੁੱਟਬਾਲ ਦੇ ਮੈਚ ਵਿਚ ਫੂਲ ਪਹਿਲਾ ਅਤੇ ਝੰਡੂਕੇ ਦੂਜੇ ਸਥਾਨ 'ਤੇ ਰਹੇ | ਇਸ ਮੌਕੇ ਖਾਨ ਜਲਾਲ ਅਤੇ ਕਾਲਾ ਰੂੜੇਕੇ ਵਲੋਂ ਸ਼ਾਨਦਾਰ ਕੂਮੈਂਟਰੀ ਕੀਤੀ ਗਈ ਅਤੇ ਇਸ ਟੂਰਨਾਮੈਂਟ ਦੌਰਾਨ ਅੰਪਾਇਰਰਿੰਗ ਦੇਵ ਦਿਆਲਪੁਰ ਅਤੇ ਹੋਰਨਾਂ ਵਲੋਂ ਕੀਤੀ ਗਈ | ਟੂਰਨਾਮੈਂਟ ਦੌਰਾਨ ਕਲੱਬ ਵਲੋਂ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਟੂਰਨਾਮੈਂਟ ਮੌਕੇ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ, ਦਲਜੀਤ ਸਿੰਘ ਭੱਟੀ, ਡਾ: ਗੁਰਮੀਤ ਸਿੰਘ ਬੁੱਟਰ, ਬਾਜ਼ੀ ਬੁੱਟਰ, ਕਾਲਾ ਸੋਹੀ, ਕਾਲਾ ਚਹਿਲ, ਵਿੱਕੀ ਢਿੱਲੋਂ, ਮਾਸਟਰ ਰੂਪ ਸਿੰਘ ਚਹਿਲ, ਮਨਜੀਤ ਸਿੰਘ ਮਾਨ, ਹਰਪ੍ਰੀਤ ਜਟਾਣਾ, ਮਲਕੀਤ ਸਿੰਘ ਫੌਜੀ ਨੇ ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਵਿਚ ਮੁੱਖ ਭੂਮਿਕਾ ਨਿਭਾਈ |