ਬੁਢਲਾਡਾ, 19 ਜੂਨ (ਸਵਰਨ ਸਿੰਘ ਰਾਹੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ 'ਚ ਸੇਵਾ ਭਾਵਨਾ ਪੈਦਾ ਕਰਨ ਦੇ ਮਕਸਦ ਨਾਲ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਅਗਵਾਈ ਹੇਠ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਵੱਖ-ਵੱਖ ਕਾਲਜਾਂ ਵਲੋਂ ਸੰਗਤਾਂ ਲਈ ਲੰਗਰ, ਬਰਤਨਾਂ, ਜਲ ਅਤੇ ਜੋੜਿਆਂ ਦੀ ਸੇਵਾ ਤੋਂ ਇਲਾਵਾ ਹੋਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਇਸੇ ਸਿਲਸਿਲੇ ਤਹਿਤ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਵਲੋਂ ਵੀ ਪਿ੍ੰਸੀਪਲ ਡਾ. ਨਰਿੰਦਰ ਸਿੰਘ ਦੀ ਅਗਵਾਈ ਹੇਠ ਇਹ ਸੇਵਾਵਾਂ ਨਿਭਾਈਆਂ ਗਈਆਂ | ਇਸ ਸੇਵਾ ਤਹਿਤ ਸੰਸਥਾ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਨ ਤੇ ਗੈਰ ਅਧਿਆਪਨ ਅਮਲੇ ਦੇ ਮੈਂਬਰਾਂ ਨੇ ਵਧ ਚੜ੍ਹ ਕੇ ਭਾਗ ਲਿਆ | ਕਾਲਜ ਦੇ ਉਪ ਪਿ੍ੰਸੀਪਲ ਡਾ. ਰੇਖਾ ਕਾਲੜਾ ਨੇ ਦੱਸਿਆ ਕਿ ਸੇਵਾ ਕਰਨ ਨਾਲ ਜਿੱਥੇ ਵਿਦਿਆਰਥੀਆਂ ਵਿਚ ਸੇਵਾ ਭਾਵਨਾ ਪੈਦਾ ਹੁੰਦੀ ਹੈ ਉੱਥੇ ਸਹਿਜ ਅਤੇ ਮਰਿਆਦਾ ਵਿਚ ਰਹਿਣ ਦੀ ਜਾਚ ਵੀ ਆਉਂਦੀ ਹੈ | ਵਲੰਟੀਅਰ ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੱਡੇ ਭਾਗਾਂ ਨਾਲ ਗੁਰੂ ਸਾਹਿਬ ਦੇ ਘਰ ਦੀ ਇਹ ਸੇਵਾ ਮਿਲੀ ਹੈ |