ਮਾਨਸਾ, 19 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਸੂਬੇ ਅੰਦਰ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਰਜਸ਼ੀਲ ਹੈ | ਸੂਬਾ ਸਰਕਾਰ ਦੇ ਉਪਰਾਲਿਆਂ ਸਦਕਾ ਲੋਕਾਂ ਨੂੰ ਐਮਰਜੈਂਸੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੇ ਪੰਜਾਬ ਅੰਦਰ 46 ਨਵੀਆਂ ਅਤਿ ਆਧੁਨਿਕ ਐਂਬੂਲੈਂਸਾਂ ਦਿੱਤੀਆਂ ਗਈਆਂ ਹਨ, ਇਸੇ ਤਹਿਤ ਇਕ ਐਂਬੂਲੈਂਸ ਮਾਨਸਾ ਜ਼ਿਲ੍ਹੇ ਲਈ ਵੀ ਪ੍ਰਾਪਤ ਹੋਈ ਹੈ, ਜਿਸ ਨੂੰ ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਤਿ ਆਧੁਨਿਕ ਮੈਡੀਕਲ ਉਪਕਰਨਾਂ ਨਾਲ ਲੈੱਸ ਇਸ ਐਂਬੂਲੈਂਸਾਂ ਦਾ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਵੱਡਾ ਫ਼ਾਇਦਾ ਹੋਵੇਗਾ ਕਿਉਂਕਿ ਇਨ੍ਹਾਂ ਵਿਚ ਆਕਸੀਜਨ, ਜੀਵਨ ਰੱਖਿਅਕ ਦਵਾਈਆਂ, ਤੁਰੰਤ ਰਿਸਪਾਂਸ ਨੂੰ ਯਕੀਨੀ ਬਣਾਉਣ ਲਈ ਜੀ.ਪੀ.ਐੱਸ. ਆਧਾਰਤ ਟਰੈਕਿੰਗ ਸਿਸਟਮ ਸ਼ਾਮਿਲ ਹੈ | ਡਿਪਟੀ ਮੈਡੀਕਲ ਕਮਿਸ਼ਨਰ ਮਿਯਾਂਕ ਗੋਇਲ ਨੇ ਦੱਸਿਆ ਕਿ ਫ਼ਰਿਸ਼ਤੇ ਸਕੀਮ ਦੇ ਅਧੀਨ ਰੋਡ ਸਾਈਡ ਐਕਸੀਡੈਂਟ ਕੇਸ ਨੂੰ ਹਸਪਤਾਲ ਤੱਕ ਪਹੁੰਚਾਉਣ ਲਈ ਵਿੱਤੀ ਸਹਾਇਤਾ ਦੇ ਨਾਲ ਨਾਲ ਮਰੀਜ਼ ਦੀ ਸੁਰੱਖਿਆ ਲਈ ਸੂਬਾ ਸਰਕਾਰ ਵਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਰੋਡ ਐਕਸੀਡੈਂਟ ਵਿਚ ਕਿਸੇ ਵੀ ਵਿਅਕਤੀ ਦੀ ਕੀਮਤੀ ਜਾਨ ਨਾ ਜਾਵੇ | ਇਸ ਮੌਕੇ ਡਾ. ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ, ਡਾ. ਕੰਵਲਪ੍ਰੀਤ ਬਰਾੜ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਸੂਚਨਾ ਅਫ਼ਸਰ ਵਿਜੇ ਕੁਮਾਰ ਤੇ ਦਰਸ਼ਨ ਸਿੰਘ, ਪ੍ਰਤਾਪ ਸਿੰਘ ਸੁਪਰਡੈਂਟ, ਸੰਦੀਪ ਸਿੰਘ ਸੀਨੀਅਰ ਸਹਾਇਕ, ਰਮੇਸ਼ਵਰ ਲਾਲ ਈ.ਐਮ.ਪੀ ਆਦਿ ਹਾਜ਼ਰ ਸਨ |