ਸ੍ਰੀ ਅਨੰਦਪੁਰ ਸਾਹਿਬ, 15 ਜੂਨ (ਜੇ. ਐਸ. ਨਿੱਕੂਵਾਲ)-ਇਥੋਂ ਦੇ ਪਿੰਡ ਸੱਧੇਵਾਲ ਦਾ ਜੰਮਪਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਵਿਖੇ ਤਾਇਨਾਤ ਸਟੇਟ ਐਵਾਰਡੀ ਈ. ਟੀ. ਟੀ. ਅਧਿਆਪਕ ਮੁਨੀਸ਼ ਧਰਮਾਣੀ ਵਲੋਂ ਲਗਭਗ ਤਿੰਨ ਦਹਾਕਿਆਂ ਤੋਂ ਲਗਾਤਾਰ ਜੰਗਲੀ ਜੀਵਾਂ ਲਈ ਆਪਣੇ ਨਿੱਜੀ ਖ਼ਰਚੇ ਤੋਂ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ, ਜਿਸ ਕਰਕੇ ਇਹ ਇਨਸਾਨ ਇਲਾਕੇ 'ਚ ਵਾਤਾਵਰਨ ਪ੍ਰੇਮੀ ਅਧਿਆਪਕ ਦੇ ਤੌਰ 'ਤੇ ਮਸ਼ਹੂਰ ਹੈ | ਉਹ ਸ੍ਰੀ ਅਨੰਦਪੁਰ ਸਾਹਿਬ ਦੀ ਸਮਾਜ ਸੇਵਾ ਸੰਸਥਾ 'ਆਸਰਾ' ਦੇ ਪ੍ਰਧਾਨ ਵੀ ਹਨ | ਦੱਸਣਯੋਗ ਹੈ ਕਿ ਧਰਮਾਣੀ ਮਾਪਿਆਂ ਦੇ ਇਕਲੌਤੇ ਪੁੱਤਰ ਹਨ ਤੇ ਆਪਣੀ ਸਖ਼ਤ ਜ਼ਿੰਦਗੀ ਨਾਲ ਉਨ੍ਹਾਂ ਵਲੋਂ ਵੱਡੇ ਮੁਕਾਮ ਵੀ ਹਾਸਿਲ ਕੀਤੇ ਗਏ ਹਨ | ਉਨ੍ਹਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਦੂਰ-ਦੁਰਾਡੇ ਜੰਗਲਾ ਤੇ ਪਹਾੜਾਂ 'ਚ ਜਾ ਕੇ ਪਸ਼ੂ ਤੇ ਪੰਛੀਆਂ ਲਈ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਅਤੇ ਉਹ ਆਪਣੇ ਇਲਾਕੇ 'ਚ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਸਾਂਭ-ਸੰਭਾਲ ਦੀ ਮੁਹਿੰਮ ਵੀ ਚਲਾ ਰਹੇ ਹਨ | ਇਸ ਕਾਰਜ ਲਈ ਉਨ੍ਹਾਂ ਨੂੰ ਆਪਣੀ ਅਧਿਆਪਕਾ ਧਰਮ-ਪਤਨੀ ਰਜਨੀ ਧਰਮਾਣੀ ਤੇ ਵੱਡੀ ਸਪੁੱਤਰੀ ਪਟਵਾਰੀ ਸਲੋਨੀ ਧਰਮਾਣੀ ਦੇ ਨਾਲ-ਨਾਲ ਛੋਟੀ ਪੁੱਤਰੀ ਵੰਦਨਾਂ ਦਾ ਭਰਪੂਰ ਸਹਿਯੋਗ ਮਿਲਦਾ ਹੈ | ਧਰਮਾਣੀ ਨੇ ਕਿਹਾ ਕਿ ਉਨ੍ਹਾਂ ਦਾ ਕੁਦਰਤ ਪ੍ਰਤੀ ਸ਼ੁਰੂ ਤੋਂ ਹੀ ਝੁਕਾਓ ਤੇ ਪਿਆਰ ਰਿਹਾ ਹੈ ਅਤੇ ਸੇਵਾ ਕਰਨ ਦੀ ਚੇਟਕ ਉਨ੍ਹਾਂ ਦੇ ਅਧਿਆਪਕ ਪਿ੍ੰਸੀਪਲ ਕੁਲਵੰਤ ਸਿੰਘ ਨੌਰਾ ਅਤੇ ਮਾਤਾ ਕਮਲਾ ਦੇਵੀ ਤੋਂ ਲੱਗੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦਰਜਨਾਂ ਜਥੇਬੰਦੀਆਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਅਤੇ ਉਨ੍ਹਾਂ ਦਾ ਨਾਂਅ ਦੋ ਵਾਰ 'ਇੰਡੀਆ ਬੁੱਕ ਆਫ ਰਿਕਾਰਡ' ਵਿਚ ਵੀ ਦਰਜ ਹੋ ਚੁੱਕਾ ਹੈ |