ਸ੍ਰੀ ਚਮਕੌਰ ਸਾਹਿਬ, 17 ਜੂਨ (ਜਗਮੋਹਣ ਸਿੰਘ ਨਾਰੰਗ)- ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਅਨਿਲ ਗੋਇਲ ਵਲੋਂ ਸ੍ਰੀ ਚਮਕੌਰ ਸਾਹਿਬ ਦੇ ਅਪਗ੍ਰੇਡ ਹੋਏ ਸਬ ਡਵੀਜ਼ਨਲ ਹਸਪਤਾਲ ਦੀ ਨਵੀਂ ਤਿਆਰ ਹੋਈ ਇਮਾਰਤ ਦਾ ਦੌਰਾ ਕਰਕੇ ਉਦਘਾਟਨ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਨੇ ਨਵੀਂ ਇਮਾਰਤ ਦੇ ਵੱਖ-ਵੱਖ ਵਿਭਾਗਾਂ, ਓ.ਪੀ.ਡੀ., ਐਮਰਜੈਂਸੀ, ਓਪਰੇਸ਼ਨ ਥੀਏਟਰ, ਦਵਾਈ ਘਰ, ਲੈਬੋਰੇਟਰੀ, ਕੋਲਡ ਚੇਨ ਪੁਆਇੰਟ, ਟੀਕਾਕਰਨ, ਐਕਸ-ਰੇ, ਲੇਬਰ ਰੂਮ, ਮਾਈਨਰ ਓ.ਟੀ, ਨਰਸਿੰਗ ਸਟੇਸ਼ਨ, ਵੱਖ-ਵੱਖ ਉਪਕਰਨਾਂ ਆਦਿ ਦਾ ਨਿਰੀਖਣ ਕਰਦਿਆਂ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਸਪਤਾਲ ਵਿਚ ਜ਼ਰੂਰੀ ਸਾਜੋ ਸਮਾਨ ਮੁਕੰਮਲ ਕਰਨ ਦੀ ਹਦਾਇਤ ਕੀਤੀ | ਡਾ. ਗੋਇਲ ਨੇ ਸਟਾਫ਼ ਅਤੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਦਘਾਟਨ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਲਈ | ਉਨ੍ਹਾਂ ਨੇ ਹਦਾਇਤ ਦਿੱਤੀ ਕਿ ਸਮਾਗਮ ਦੌਰਾਨ ਸਾਰੀਆਂ ਲੋੜੀਂਦੀਆਂ ਸਹੂਲਤਾਂ ਅਤੇ ਵਿਵਸਥਾਵਾਂ ਨੂੰ ਯਕੀਨੀ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਧੀਆ ਸਹੂਲਤਾਂ ਨਾਲ ਲੈਸ ਹਸਪਤਾਲ ਦੀ ਤਿਆਰੀ ਕੀਤੀ ਜਾ ਰਹੀ ਹੈ | ਇਸ ਮੌਕੇ ਡਾ. ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ, ਡਾ. ਸਵਪਨਜੀਤ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ, ਡਾ. ਉਪਿੰਦਰ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ, ਦਿਨੇਸ਼ ਕੁਮਾਰ ਐਸ.ਡੀ.ਓ, ਹਰਪ੍ਰੀਤ ਸਿੰਘ ਜੇ.ਈ ਸੁਰਿੰਦਰਪਾਲ ਸਟੈਨੋ, ਡਾ. ਸਚਿਨ ਕੁਮਾਰ, ਹਰਨਰਾਇਣ ਸਿੰਘ ਓਪਥੈਲਮਿਕ ਅਫ਼ਸਰ, ਸਮੂਹ ਮੈਡੀਕਲ ਅਫ਼ਸਰ ਤੇ ਪੈਰਾਮੈਡੀਕਲ ਸਟਾਫ਼ ਵੀ ਹਾਜ਼ਰ ਸੀ |