ਰੂਪਨਗਰ, 17 ਜੂਨ (ਯਸ਼ਵੰਤ ਬੱਸੀ)-ਇਲਾਕਾ ਸੰਘਰਸ਼ ਕਮੇਟੀ ਲੋਦੀ ਮਾਜਰਾ ਘਨੌਲੀ ਵਲੋਂ ਸਰਹਿੰਦ ਨਹਿਰ ਉੱਤੇ ਬਣੇ ਪੁਲਾਂ ਤੋਂ ਰੋਪੜ ਸ਼ਹਿਰ ਜਾਣ ਲਈ ਨਹਿਰ ਦੇ ਨਾਲ ਲਾਂਘਾ (ਕੱਟ) ਖੁਲਾਉਣ ਲਈ ਅਤੇ ਰੋਪੜ ਬਲਾਕ ਦੀਆਂ ਟੁੱਟੀਆਂ ਸੜਕਾਂ ਬਨਾਉਣ ਲਈ ਐਕਸੀਅਨ ਪੀ.ਡਬਲਿਉ.ਡੀ. ਰੂਪਨਗਰ ਦੇ ਦਫ਼ਤਰ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ, ਜਨਰਲ ਸਕੱਤਰ ਗਿਆਨ ਸਿੰਘ ਘਨੌਲੀ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਸਕੱਤਰ ਹਰਦੇਵ ਸਿੰਘ ਖੇੜੀ, ਮਾਸਟਰ ਅਵਤਾਰ ਸਿੰਘ, ਮਾਸਟਰ ਜਗਤਾਰ ਸਿੰਘ ਅਤੇ ਮੋਹਨ ਸਿੰਘ ਬਹਾਦਰਪੁਰ ਨੇ ਮਾਨ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਸੜਕਾਂ ਬਨਾਉਣ ਦੇ ਕੀਤੇ ਵਾਅਦੇ ਭੁਲਾ ਕੇ ਗੱਦੀਆਂ ਦਾ ਆਨੰਦ ਮਾਣਿਆ ਜਾ ਰਿਹਾ ਹੈ | ਸੜਕਾਂ ਬਨਾਉਣ ਦੀ ਬਜਾਏ ਮਾਨ ਸਰਕਾਰ ਆਪਣੇ ਚਾਪਲੂਸਾਂ ਅਤੇ ਸਾਕ-ਸਬੰਧੀਆਂ ਅਤੇ ਪਾਰਟੀ ਵਰਕਰਾਂ ਨੂੰ ਚੇਅਰਮੈਨੀਆਂ ਅਤੇ ਹੋਰ ਆਹੁਦੇਦਾਰੀਆਂ ਦੇ ਕੇ ਖਜਾਨੇ ਨੂੰ ਬੇ-ਲੋੜਾ ਚੂਨਾ ਲਗਾ ਰਹੀ ਹੈ | ਸਰਕਾਰ ਲੋਕ ਮਸਲਿਆਂ ਨੂੰ ਹਲ ਕਰਨ ਤੋਂ ਖਾਮੋਸ਼ ਹੋ ਕੇ ਦੂਰ ਚਲੀ ਗਈ ਹੈ | ਰੋਪੜ ਬਲਾਕ ਦੀਆਂ ਲਗਭਗ ਡੇਢ ਸੋ ਪਿੰਡਾਂ ਨੂੰ ਜਾਂਦੀਆਂ ਸੜਕਾ ਨੂੰ ਬਨਾਉਣ ਲਈ ਮਾਨ ਸਰਕਾਰ ਵਲੋਂ ਭੇਜੀ ਲਿਸਟ ਨੂੰ ਪੀ.ਡਬਲਿਉ.ਡੀ. ਮਹਿਕਮੇ ਨੇ ਠੰਢੇ ਬਸਤੇ ਵਿਚ ਪਾ ਦਿੱਤਾ ਹੈ, ਕਿਉਂਕਿ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਆਈ ਲਿਸਟ ਮੁਤਾਬਿਕ ਸੜਕਾਂ ਦੇ ਟੈਂਡਰ ਮਹਿਕਮੇ ਨੇ ਨਹੀਂ ਕੱਢੇ | ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਰੋਪੜ ਦੇ ਨਵੇਂ ਬਣੇ ਪੁਲਾਂ ਤੋਂ ਰੂਪਨਗਰ ਸ਼ਹਿਰ ਨੂੰ ਜਾਣ ਅਤੇ ਕਿਸ਼ਤੀ ਨਾਲੇ ਦਾ ਰਸਤਾ ਸਰਕਾਰ ਅਤੇ ਪ੍ਰਸ਼ਾਸਨ ਨੇ ਪੱਕੇ ਤੌਰ 'ਤੇ ਬੰਦ ਕਰਨ ਨੂੰ ਕਮੇਟੀ ਬਰਦਾਸ਼ਤ ਨਹੀਂ ਕਰੇਗੀ, ਇਹ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਖੇਗੀ | ਇਸ ਮੌਕੇ ਇੰਦਰਜੀਤ ਸਿੰਘ, ਰਾਮ ਲੋਕ, ਊਧਮ ਸਿੰਘ ਚੱਕ ਢੇਰਾ, ਕਰਮ ਸਿੰਘ, ਪ੍ਰੇਮ ਸਿੰਘ, ਸੋਮਾ ਸਿੰਘ, ਸਤਵੰਤ ਸਿੰਘ, ਜਸਪਾਲ ਸਿੰਘ, ਰਾਮ ਸਿੰਘ, ਹੁਸਨ ਚੰਦ, ਹਰਜੀਤ ਸਿੰਘ, ਹਰਿੰਦਰ ਸਿੰਘ, ਅਜੀਤ ਸਿੰਘ, ਗੁਲਾਬ ਸਿੰਘ, ਮਦਨ ਸਿੰਘ, ਭਜਨ ਸਿੰਘ, ਪ੍ਰਮਜੀਤ ਸਿੰਘ ਆਦਿ ਹਾਜ਼ਰ ਸਨ |