ਰੂਪਨਗਰ, 17 ਜੂਨ (ਯਸ਼ਵੰਤ ਬੱਸੀ)-ਅੱਜ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਸੀ.ਪੀ.ਆਈ. (ਐਮ) ਵਲੋਂ ਇਜਰਾਇਲ ਵਲੋਂ ਫਿਲਸਤੀਨ ਵਿਚ ਕੀਤੀ ਜਾ ਰਹੀ ਨਸਲ ਕੁਸ਼ੀ ਵਿਰੁੱਧ ਜਬਰਦਸਤ ਰੋਸ ਮੁਜਾਹਰਾ ਕਰਕੇ ਫਿਲਸਤੀਨ ਦੇ ਲੋਕਾਂ ਨਾਲ ਇੱਕਜੁੱਟਤਾ ਜਾਹਿਰ ਕੀਤੀ ਗਈ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਕਿਹਾ ਕਿ ਇਜਰਾਇਲ ਫਿਲਸਤੀਨੀਆ ਦੀ ਜਮੀਨ ਤੇ ਧੱਕੇ ਨਾਲ ਕਾਬਜ ਹੋ ਕੇ ਮਨੁੱਖਤਾ ਅਤੇ ਯੂ.ਐਨ.ਓ. ਦੇ ਮਤਿਆਂ ਦੇ ਖ਼ਿਲਾਫ਼ ਜਾ ਕੇ ਲੰਬੇ ਸਮੇਂ ਤੋਂ ਫਲਸਤੀਨ ਦੇ ਲੋਕਾਂ ਤੇ ਜੁਲਮ ਢਾਅ ਰਿਹਾ ਹੈ | ਅਤੇ ਇਸ ਵਿਚ ਅਮਰੀਕਾ ਇਜਰਾਇਲ ਦਾ ਡੱਟ ਕੇ ਸਾਥ ਦੇ ਰਿਹਾ ਹੈ | ਉਹਨਾਂ ਦੇਸ਼ ਦੀ ਮੋਦੀ ਸਰਕਾਰ ਵਲੋਂ ਇਜ਼ਰਾਇਲ ਦੇ ਖਿਲਾਫ ਸਖ਼ਤ ਸਟੈਂਡ ਨਾ ਲੈਣ ਦੀ ਨਿਖੇਧੀ ਕੀਤੀ | ਅਮਰੀਕਾ ਵਲੋਂ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਨੂੰ ਜਲੀਲ ਕਰਨ ਵਿੱਚ ਕੇਂਦਰ ਦੀ ਮੋਦੀ ਸਰਕਾਰ ਬਰਾਬਰ ਜਿੰਮੇਵਾਰ ਹੈ | ਕੇਂਦਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ ਬੋਲਦਿਆਂ ਕਿਹਾ ਕਿ ਇਹਨਾਂ ਨੀਤੀਆਂ ਨਾਲ ਕਾਰਪੋਰੇਟਾਂ ਦੇ ਘਰਾਣੇ ਵੱਡੇ-ਵੱਡੇ ਮੁਨਾਫੇ ਕਮਾ ਰਹੇ ਹਨ ਅਤੇ ਆਮ ਮਿਹਨਤਕਸ਼ ਅਵਾਮ ਉੱਪਰ ਸਾਰਾ ਬੋਝ ਪਾਇਆ ਜਾ ਰਿਹਾ ਹੈ ਉਹਨਾਂ ਪੰਜਾਬ ਦੀ ਆਪ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਜਿਹੜੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ ਉਹ ਵਾਅਦੇ ਵਫਾ ਨਹੀਂ ਹੋ ਰਹੇ ਸਗੋਂ ਭਗਵੰਤ ਮਾਨ ਸਰਕਾਰ ਦੇ ਐਮਐਲਏ ਜਾਂ ਹੋਰ ਆਗੂ ਆਪਣਾ ਵਿਕਾਸ ਕਰ ਰਹੇ ਹਨ ਅਤੇ ਗ਼ਰੀਬ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਹਨ | ਇਸ ਉਪਰੰਤ ਆਗੂਆਂ ਵਲੋਂ ਅਮਰੀਕਾ ਅਤੇ ਇਜਰਾਇਲ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਡੀ.ਸੀ. ਦਫ਼ਤਰ ਤਕ ਰੋਸ ਮਾਰਚ ਕੀਤਾ | ਇਸ ਮੌਕੇ ਸੀ.ਪੀ.ਆਈ. (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਜਿੰਦਰ ਪੰਡਤ, ਕਾਮਰੇਡ ਸੁਰਜੀਤ ਸਿੰਘ ਢੇਰ, ਕਾਮਰੇਡ ਗੁਰਦੇਵ ਸਿੰਘ ਬਾਗੀ, ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾ, ਕਾਮਰੇਡ ਜਸਵਿੰਦਰ ਸਿੰਘ ਢੇਰ, ਕਾਮਰੇਡ ਦਲੀਪ ਸਿੰਘ ਘਨੌਲਾ, ਕਾਮਰੇਡ ਤਰਲੋਚਨ ਸਿੰਘ ਹੁਸੈਨਪੁਰ, ਕਾਮਰੇਡ ਪ੍ਰੋਮਿਲਾ ਦੇਵੀ, ਕਾਮਰੇਡ ਸਪਿੰਦਰ ਸਿੰਘ ਘਨੌਲੀ, ਕਾਮਰੇਡ ਅੰਜਨਾ ਦੇਵੀ, ਕਾਮਰੇਡ ਦੇਵਰਾਜ ਬੜਾ ਪਿੰਡ, ਰਜਿੰਦਰ ਸਿੰਘ ਅਲੀਪੁਰ, ਰਜਿੰਦਰ ਸਿੰਘ ਢੇਰ, ਚਮਨ ਲਾਲ ਚੱਕਕਰਮਾ, ਸਾਬਕਾ ਸਰਪੰਚ ਗੁਰਮੀਤ ਕੌਰ ਚੱਕ ਕਰਮਾਂ ਆਦਿ ਵੀ ਹਾਜ਼ਰ ਸਨ |