ਨੂਰਪੁਰ ਬੇਦੀ, 17 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)- ਸਖ਼ਤ ਮਿਹਨਤ, ਲਗਨ ਅਤੇ ਦਿ੍ੜ੍ਹਤਾ ਨਾਲ ਹਰ ਵੱਡਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ | ਜਿਸ ਦੀ ਉਦਾਹਰਨ ਬਲਾਕ ਨੂਰਪੁਰ ਬੇਦੀ ਦੇ ਪਿੰਡ ਮੂਸਾਪੁਰ ਦੇ ਨੌਜਵਾਨ ਹਰਦੀਪ ਸਿੰਘ ਵਿਰਕ ਤੋਂ ਮਿਲੀ ਜਿਸ ਨੇ ਭਾਰਤੀ ਸੈਨਾ ਵਿਚ ਬਤੌਰ ਲੈਫ਼ਟੀਨੈਂਟ ਭਰਤੀ ਹੋ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਜਿਸ ਨਾਲ ਪੂਰੇ ਪਿੰਡ ਵਿਚ ਖ਼ੁਸ਼ੀ ਦੀ ਲਹਿਰ ਹੈ | ਇਸ ਨੌਜਵਾਨ ਦਾ ਅੱਜ ਪਿੰਡ ਪੁੱਜਣ ਤੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਦੱਸਣਯੋਗ ਹੈ ਕਿ ਉਕਤ ਨੌਜਵਾਨ ਹਰਦੀਪ ਸਿੰਘ ਵਿਰਕ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਮੂਸਾਪੁਰ ਅਤੇ ਸਰਕਾਰੀ ਹਾਈ ਸਕੂਲ ਬੜਵਾ ਤੋਂ ਪੂਰੀ ਕੀਤੀ ਸੀ ਜਿਸ ਤੋਂ ਬਾਅਦ ਉਸਨੇ ਇੰਡੀਅਨ ਮਿਲਟਰੀ ਅਕਾਦਮੀ ਦੇਹਰਾਦੂਨ ਤੋਂ ਆਪਣੀ ਟਰੇਨਿੰਗ ਪੂਰੀ ਕੀਤੀ | ਇਹ ਵੀ ਦੱਸਣਾ ਬਣਦਾ ਹੈ ਕਿ ਉਕਤ ਨੌਜਵਾਨ ਦੇ ਪਿਤਾ ਦਰਸ਼ਨ ਸਿੰਘ ਫ਼ੌਜ ਵਿਚ ਬਤੌਰ ਸੂਬੇਦਾਰ ਮੇਜਰ ਸੇਵਾ ਨਿਭਾ ਚੁੱਕੇ ਹਨ | ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰੀ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਕੇ ਉੱਚ ਅਹੁਦੇ ਤੱਕ ਪਹੁੰਚਣਾ ਹੋਰ ਨੌਜਵਾਨਾਂ ਲਈ ਪੇ੍ਰਰਨਾ ਸਰੋਤ ਹੈ | ਜਿਸ ਲਈ ਉਨਾਂ ਨੂੰ ਇਸ ਨੌਜਵਾਨ ਤੇ ਮਾਣ ਹੈ | ਨੌਜਵਾਨ ਹਰਦੀਪ ਸਿੰਘ ਵਿਰਕ ਨੇ ਕਿਹਾ ਕਿ ਉਸ ਨੂੰ ਭਾਰਤੀ ਸੈਨਾ ਵਿਚ ਬਤੌਰ ਲੈਫ਼ਟੀਨੈਂਟ ਭਰਤੀ ਹੋਣ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਤੇ ਉਹ ਆਪਣੀ ਮਿਲੀ ਇਸ ਜ਼ਿੰਮੇਵਾਰੀ ਨੂੰ ਬਹੁਤ ਹੀ ਤਨਦੇਹੀ ਅਤੇ ਨਿਸ਼ਠਾ ਨਾਲ ਨਿਭਾਏਗਾ | ਉਸਨੇ ਕਿਹਾ ਕਿ ਉਸ ਨੂੰ ਆਪਣੇ ਮਾਤਾ ਪਿਤਾ ਤੇ ਬਹੁਤ ਮਾਣ ਹੈ ਜਿਨ੍ਹਾਂ ਦੀ ਬਦੌਲਤ ਉਹ ਇਸ ਅਹੁਦੇ ਤੇ ਪਹੁੰਚਿਆ ਹੈ | ਇਸ ਮੌਕੇ ਪਿਤਾ ਸੂਬੇਦਾਰ ਮੇਜਰ ਦਰਸ਼ਨ ਸਿੰਘ, ਪਰਿਵਾਰਿਕ ਮੈਂਬਰ ਦੇਵਰਾਜ ਵਿਰਕ, ਹਰਬੰਸ ਵਿਰਕ, ਜਗੀਰ ਸਿੰਘ ਅਟਵਾਲ, ਗੁਰਸ਼ਬਦ ਸਿੰਘ ਵਿਰਕ, ਗੁਰਦੀਪ ਸਿੰਘ ਵਿਰਕ ਅਤੇ ਸਮਰ ਵਿਰਕ ਹਾਜ਼ਰ ਸਨ |