29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਘਾੜ ਇਲਾਕੇ ਦੇ ਪਿੰਡ ਬੜੀ ਵਿਖੇ 'ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ'

ਅਜੀਤ ਡੈਸਕ 18-06-2025
ਪੁਰਖਾਲੀ, 17 ਜੂਨ (ਅੰਮਿ੍ਤਪਾਲ ਸਿੰਘ ਬੰਟੀ) ਸੰਨ 2014 ਚ ਪਿੰਡ ਬੜੀ ਵਿਖੇ ਨਸ਼ਾ ਮੁਕਤੀ ਤੇ ਮੁੜ ਵਸੇਵਾ ਕੇਂਦਰ ਖੋਲਣ ਸਬੰਧੀ ਕੀਤੇ ਐਲਾਨ ਨੂੰ ਅਜੇ ਤੱਕ ਕੋਈ ਬੂਰ ਨਹੀਂ ਪਿਆ ਜ਼ਿਕਰਯੋਗ ਹੈ ਕਿ ਸੰਨ 2014 'ਚ ਉਸ ਸਮੇਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਤਨੂੰ ਕਸ਼ਅਪ ਵਲੋਂ ਪਿੰਡ ਬੜੀ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੀ ਕੀਤੀ ਇੱਕ ਭਰਵੀਂ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਸੀ ਕਿ ਬੜੀ ਵਿਖੇ ਬਿਸਤਰਿਆਂ ਦਾ ਨਸ਼ਾ ਮੁਕਤੀ ਕੇਂਦਰ ਬਣਾਇਆ ਜਾ ਰਿਹਾ ਹੈ, ਜਿਸ ਦੀ ਤਜਵੀਜ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ | ਉਸ ਸਮੇਂ ਸਰਕਾਰ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਬੜੀ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬੋਲਦਿਆਂ ਡਿਪਟੀ ਕਮਿਸ਼ਨਰ ਤਨੂ ਕਸ਼ਅਪ ਨੇ ਕਿਹਾ ਸੀ ਕਿ ਨਸ਼ੇ ਸਾਡੇ ਸਮਾਜ ਨੂੰ ਖੋਖਲਾ ਕਰ ਰਹੇ ਹਨ ਇਹਨਾਂ ਨਸ਼ਿਆਂ ਕਾਰਨ ਸਾਡੇ ਨੌਜਵਾਨ ਪੀੜੀ ਦਾ ਭਵਿੱਖ ਵੀ ਸੁਰੱਖਿਅਤ ਨਹੀਂ ਹੈ | ਇਸ ਮੌਕੇ ਉਹਨਾਂ ਕਿਹਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਬੜੀ ਵਿਖੇ 12 ਏਕੜ ਜਮੀਨ ਦੀ ਸ਼ਨਾਖਤ ਕਰ ਲਈ ਗਈ, ਜਿੱਥੇ 200 ਬਿਸਤਰਿਆਂ ਤੇ ਨਸ਼ਾ ਮੁਕਤੀ ਤੇ ਮੁੜ ਵਸੇਵਾ ਕੇਂਦਰ ਬਣਾਉਣ ਦੀ ਤਜਵੀਜ ਪੰਜਾਬ ਸਰਕਾਰ ਪਾਸ ਭੇਜੀ ਜਾ ਚੁੱਕੀ ਹੈ ਉਨ੍ਹਾਂ ਕਿਹਾ ਸੀ ਇਸ ਨਸ਼ਾ ਮੁਕਤੀ ਕੇਂਦਰ ਚ ਨੌਜਵਾਨਾਂ ਦੇ ਨਸ਼ੇ ਛੁਡਾ ਕੇ ਉਨ੍ਹਾਂ ਦਾ ਮੁੜ ਵਸੇਵਾ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਮੁੜ ਪੈਰਾਂ ਤੇ ਖੜ੍ਹਾ ਕੀਤਾ ਜਾਵੇਗਾ, ਪਰ 11 ਸਾਲ ਬੀਤਣ ਦੇ ਬਾਵਜੂਦ ਵੀ ਇਥੇ ਕੋਈ ਨਸ਼ਾ ਮੁਕਤੀ ਕੇਂਦਰ ਨਹੀਂ ਬਣ ਸਕਿਆ ਜਦ ਕਿ ਪੰਜਾਬ ਚ ਨਸ਼ਿਆਂ ਦਾ ਦੌਰ ਪੂਰੇ ਜੋਰਾਂ ਤੇ ਹੈ ਅਤੇ ਅਨੇਕਾਂ ਮਾਵਾਂ ਦੇ ਪੁੱਟ ਇਨ੍ਹਾਂ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ ਅਤੇ ਅਨੇਕਾਂ ਹੀ ਅਜਿਹੇ ਹੋਰ ਨੌਜਵਾਨ ਨਸ਼ਿਆਂ ਦੀ ਦਲਦਲ 'ਚ ਬੁਰੀ ਤਰਾਂ ਫਸ ਚੁੱਕੇ ਹਨ | ਜਿਨ੍ਹਾਂ ਦਾ ਕਿ ਇਲਾਜ ਕਰਵਾ ਕੇ ਉਨ੍ਹਾਂ ਨੂੰ ਮੁੜ ਨਵੀ ਜਿੰਦਗੀ ਦੇਣ ਦੀ ਲੋੜ ਹੈ | ਇਸ ਸਬੰਧੀ ਇਲਾਕੇ ਦੇ ਮੋਹਤਬਰਾਂ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਨਸ਼ਾ ਮੁਕਤੀ ਅਤੇ ਮੁੜ ਵਸੇਵਾ ਕੇਂਦਰ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ, ਉਨ੍ਹਾਂ ਕਿਹਾ ਕਿ ਪਿੰਡ ਪਿੰਡ ਨਸ਼ਿਆਂ ਚ ਗ੍ਰਹਿਸਤ ਹੋਏ ਨੌਜਵਾਨਾਂ ਦੀ ਸ਼ਨਾਖਤ ਕੀਤੀ ਜਾਣੀ ਜਰੂਰੀ ਬਣ ਗਈ ਹੈ ਤਾਂ ਜੋ ਉਹਨਾਂ ਨੌਜਵਾਨਾਂ ਦਾ ਇਲਾਜ ਕਰਵਾ ਕੇ ਵਿਲਕਦੀਆਂ ਮਾਵਾਂ ਅਤੇ ਉਨ੍ਹਾਂ ਪਰਿਵਾਰਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕੇ | ਨੌਜਵਾਨਾਂ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਸਰਕਾਰ ਨੇ ਇੱਕ ਪਾਸੇ ਨਸ਼ਿਆਂ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਪਰ ਇਸ ਮੁਹਿੰਮ ਦਾ ਵੀ ਤਾਂ ਹੀ ਫਾਇਦਾ ਹੈ ਜੇਕਰ ਨਸ਼ਿਆਂ 'ਚ ਲਿਪਤ ਨੌਜਵਾਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਿਆ ਜਾਵੇ ਅਤੇ ਨੌਜਵਾਨਾਂ ਨੂੰ ਰੁਜਗਾਰ ਦੇ ਜਰੂਰੀ ਪ੍ਰਬੰਧ ਕੀਤੇ ਜਾਣ | ਉਨ੍ਹਾਂ ਕਿਹਾ ਕਿ ਜਦ ਨੌਜਵਾਨਾਂ ਨੂੰ ਰੁਜਗਾਰ ਪ੍ਰਾਪਤ ਹੋ ਗਿਆ ਤਦ ਨੌਜਵਾਨ ਨਸ਼ਿਆਂ ਤੋਂ ਖੁਦ ਦੂਰ ਹੋ ਜਾਣਗੇ | ਉਨ੍ਹਾਂ ਕਿਹਾ ਕਿ ਪਿੰਡ ਪਿੰਡ ਨੌਜਵਾਨ ਨਸ਼ੇ ਦੇ ਆਦੀ ਹੋਏ ਪਏ ਹਨ ਜਿਨ੍ਹਾਂ ਦਾ ਨਾ ਕੋਈ ਇਲਾਜ ਕਰਵਾ ਰਿਹਾ ਹੈ ਤੇ ਨਾ ਹੀ ਉਨਾਂ ਲਈ ਰੁਜਗਾਰ ਦਾ ਪ੍ਰਬੰਧ ਕਰ ਰਿਹਾ, ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਨਸ਼ੇ ਦੀ ਦਲਦਲ ਚ ਫਸਣ ਕਾਰਨ ਉਨ੍ਹਾਂ ਦੇ ਮਾਪਿਆਂ ਦੀ ਜਿੰਦਗੀ 'ਚ ਵੀ ਹਨੇਰਾ ਛਾ ਗਿਆ ਹੈ | ਜਿਸ ਬਾਰੇ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਇਹ ਕਿਹਾ ਕਿ ਨਸ਼ਿਆਂ ਖਿਲਾਫ ਬਣਾਈਆਂ ਕਮੇਟੀਆਂ ਨੂੰ ਵੀ ਐਕਟਿਵ ਕਰਨਾ ਚਾਹੀਦਾ ਹੈ ਤਾਂ ਜੋ ਇਹ ਕਮੇਟੀਆਂ ਸੱਚਮੁੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਉਨ੍ਹਾਂ ਲਈ ਰੁਜਗਾਰ ਦੇ ਪ੍ਰਬੰਧ ਕਰਨ 'ਚ ਸਹਾਈ ਸਾਬਿਤ ਹੋ ਸਕਣ |

ਪਿਛਲੀ ਖ਼ਬਰ ਜ਼ੀਰਕਪੁਰ ਦੇ ਹੋਟਲ 'ਚੋਂ ਨਾਜਾਇਜ਼ ਅਸਲ੍ਹੇ ਸਮੇਤ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਸਵਾਂ 'ਚ ਭਾਰੀ ਹੜ੍ਹ ਆਉਣ ਕਾਰਨ ਐਲਗਰਾ ਪੁਲ ਦਾ ਆਰਜ਼ੀ ਰਸਤਾ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।