ਸੁਖਸਾਲ, 17 ਜੂਨ (ਧਰਮ ਪਾਲ)-ਕੁਲ ਹਿੰਦ ਕਿਸਾਨ ਸਭਾ ਤਹਿਸੀਲ ਕਮੇਟੀ ਨੰਗਲ ਦਾ ਇਜਲਾਸ ਨਜ਼ਦੀਕੀ ਕਸਬਾ ਭਲਾਣ ਵਿਖੇ ਸੂਬੇ. ਕੁਲਵੰਤ ਸਿੰਘ ਦੇ ਘਰ ਹੋਇਆ | ਇਸ ਮੌਕੇ ਸਰਬ ਸੰਮਤੀ ਨਾਲ ਪ੍ਰਧਾਨ ਗਿਆਨੀ ਰਾਮਪਾਲ ਸਿੰਘ ਭਲਾਣ ਅਤੇ ਸਕੱਤਰ ਮਹਿੰਦਰ ਸਿੰਘ ਸੰਗਤਪੁਰ ਨੂੰ ਚੁਣਿਆ ਗਿਆ | ਇਸ ਮੌਕੇ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਇਹ ਸਪਸ਼ਟ ਕੀਤਾ ਕਿ ਕੁਲ ਹਿੰਦ ਕਿਸਾਨ ਸਭਾ ਦੀ ਨੀਂਹ 1936 ਵਿਚ ਮਹਾਨ ਦੇਸ਼ ਭਗਤਾਂ ਦੁਆਰਾ ਰੱਖੀ ਗਈ ਸੀ | ਇਸ ਕਿਸਾਨ ਸਭਾ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਅਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅਨੇਕਾਂ ਕਿਸਾਨੀ ਮੰਗਾਂ ਲਈ ਲਹੂ ਵੀਟਵਾਂ ਸੰਘਰਸ਼ ਲੜਿਆ | ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਕੇਂਦਰ ਦੀਆਂ ਸਰਕਾਰਾਂ ਨੇ ਕਿਸਾਨਾਂ ਲਈ ਕੋਈ ਵੀ ਨੀਤੀ ਨਹੀਂ ਬਣਾਈ ਜਿਸ ਕਾਰਨ ਅੱਜ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ | ਕਿਸਾਨਾਂ ਦੇ ਧੀ ਪੁੱਤ ਬਾਹਰਲੇ ਮੁਲਕਾਂ ਨੂੰ ਤਰਜੀਹ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨੀ ਅੱਜ ਇੱਕ ਹੋਰ ਸੰਕਟ ਵਿਚ ਫਸੀ ਹੋਈ ਹੈ, ਜਿੱਥੇ ਕੇਂਦਰ ਦੀ ਮੋਦੀ ਸਰਕਾਰ ਨਵੀਂ ਮੰਡੀ ਕਰਨ ਨੀਤੀ ਲਿਆ ਕੇ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ, ਦੂਜੇ ਪਾਸੇ ਪੰਜਾਬ ਸਰਕਾਰ ਲੈਂਡ ਪੋਲਿੰਗ ਨੀਤੀ ਦੇ ਲਾਗੂ ਕਰਕੇ ਕਿਸਾਨ ਮਾਰੂ ਫੈਸਲੇ ਕਰ ਰਹੀ ਹੈ | ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਇੱਕ ਮੁੱਠ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨ | ਇਸ ਇਜਲਾਸ ਦੀ ਪ੍ਰਧਾਨਗੀ ਸੂਬੇਦਾਰ ਕੁਲਵੰਤ ਸਿੰਘ, ਦਲਜੀਤ ਸਿੰਘ ਐਲਗਰਾਂ, ਜਸਪਾਲ ਸਿੰਘ ਬੇਲਾ ਨੇ ਕੀਤੀ | ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਭੰਗਲ ਨੇ ਚਲਾਈ | ਇਸ ਮੌਕੇ 'ਤੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਸਕੱਤਰ ਕਰਨੈਲ ਸਿੰਘ ਬਜ਼ਰੂੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਲ ਹਿੰਦ ਕਿਸਾਨ ਸਭਾ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਲਗਾਤਾਰ ਲੜਾਈ ਲੜ ਰਹੀ ਹੈ ਤੇ ਲੜਦੀ ਰਹੇਗੀ | ਇਹ ਗੈਰ ਕਾਨੂੰਨੀ ਮਾਈਨਿੰਗ ਇਲਾਕੇ ਦੇ ਲੋਕਾਂ ਲਈ ਕਾਲਾ ਨਾਗ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਮਾਈਨਿੰਗ ਦੇ ਕਾਰਨ ਜਮੀਨ ਨਹੀਂ ਬਚਣੀ, ਜਿਸ ਕਾਰਨ ਕੀਮਤੀ ਉਪਜਾਊ ਜਮੀਨਾਂ ਸਵਾਂ ਨਦੀ ਤੇ ਸਤਲੁਜ ਦਰਿਆ ਦੀ ਭੇਂਟਾ ਚੜ ਰਹੀਆਂ ਹਨ | ਉਨਾਂ ਇਲਾਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਡੀਸਿਲਟਿੰਗ ਦੇ ਨਾਂ ਤੇ ਮਾਈਨਿੰਗ ਨੂੰ ਰੋਕਣ ਲਈ ਸੰਘਰਸ਼ਾਂ ਦੇ ਰਾਹ ਅਪਨਾਉਣੇ ਪੈਣੇ ਹਨ | ਉਨਾਂ ਕਿਹਾ ਕਿ ਸਰਕਾਰ ਦੀ ਮਿਲੀ ਭੁਗਤ ਨਾਲ ਇਲਾਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਿਨ ਰਾਤ ਸ਼ਰੇਆਮ ਕੀਤੀ ਜਾ ਰਹੀ ਹੈ | ਇਲਾਕੇ ਦੇ ਸਵਾਂ ਨਦੀ ਤੇ ਐਲਗਰਾਂ ਵਿੱਚ ਬਣਿਆ ਪੁਲ ਪਿਛਲੇ ਕਰੀਬ ਦੋ ਸਾਲ ਤੋਂ ਬੰਦ ਪਿਆ ਹੈ | ਇਸ ਦੀ ਮੁਰੰਮਤ ਲਈ 22 ਤਰੀਕ ਨੂੰ 9 ਵਜੇ ਪੁੱਲ ਤੇ ਇਲਾਕੇ ਦੇ ਲੋਕਾਂ ਦਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ | ਲੋਕਾਂ ਨੂੰ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਰਾਮਪਾਲ ਸਿੰਘ ਭਲਾਣ, ਸਕੱਤਰ ਮਹਿੰਦਰ ਸਿੰਘ ਸੰਗਤਪੁਰ, ਮੀਤ ਪ੍ਰਧਾਨ ਦਲਜੀਤ ਸਿੰਘ ਐਲਗਰਾਂ, ਮੀਤ ਪ੍ਰਧਾਨ ਜਸਪਾਲ ਸਿੰਘ ਬੇਲਾ, ਹਰਦੇਵ ਸਿੰਘ ਐਲਗਰਾਂ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਗੋਹਲਣੀ, ਵਿੱਤ ਸਕੱਤਰ ਹਰਜਾਪ ਸਿੰਘ ਹਾਜੀਪੁਰ, ਤਰਸੇਮ ਸੁਖਸਾਲ, ਰਘਵੀਰ ਸਿੰਘ ਦਰਸੀ ਦੜੋਲੀ, ਮਾਸਟਰ ਯਸਪਾਲ ਸਿੰਘ ਕੁਲਗਰਾਂ, ਮਨਜੀਤ ਸਿੰਘ ਪਟਵਾਰੀ ਹਰਸਾ ਬੇਲਾ, ਜਸਪਾਲ ਸ਼ਰਮਾ ਸੈਂਸੋਵਾਲ, ਸੂਬੇਦਾਰ ਕੁਲਵੰਤ ਸਿੰਘ, ਜਥੇਦਾਰ ਹਿੰਮਤ ਸਿੰਘ ਮਜਾਰਾ, ਜੈਮਲ ਸਿੰਘ ਦੜੋਲੀ, ਬਿਕਰ ਸਿੰਘ, ਹਰਜੀਤ ਸਿੰਘ ਵਿਰਕ ਨੂੰ ਤਹਿਸੀਲ ਕਮੇਟੀ ਮੈਂਬਰ ਲਿਆ ਗਿਆ | ਇਸ ਮੌਕੇ 'ਤੇ ਜ਼ਿਲ੍ਹਾ ਕਿਸਾਨ ਆਗੂ ਭਜਨ ਸਿੰਘ ਸੰਦੋਆ, ਮਹਿੰਦਰ ਸਿੰਘ ਦੜੋਲੀ, ਬਰਜਿੰਦਰ ਸਿੰਘ ਡੋਡ ਵੀ ਹਾਜ਼ਰ ਸਨ |