ਰੂਪਨਗਰ, 18 ਜੂਨ (ਸਟਾਫ਼ ਰਿਪੋਰਟਰ)- ਪਿੰਡ ਹਵੇਲੀ ਕਲਾਂ ਦੀ ਅਮਨਦੀਪ ਕੌਰ ਪਤਨੀ ਗਗਨਦੀਪ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਨੂੰ ਸ਼ਿਕਾਇਤ ਕੀਤੀ ਹੈ ਕਿ ਇੱਕ ਸਥਾਨਿਕ ਪੁਲਿਸ ਮੁਲਾਜ਼ਮ ਨੇ ਸਿਵਲ ਹਸਪਤਾਲ ਵਿਚ ਦਾਖਲ ਮੇਰੇ ਪਤੀ ਨੂੰ ਗਾਲ਼ੀ ਗਲੋਚ ਕੀਤੀ ਅਤੇ ਧਮਕੀਆਂ ਦਿੱਤੀਆਂ ਹਨ ਕਿ ਉਹ ਤੈਨੂੰ ਬੰਦਾ ਬਣਾ ਦੇਣਗੇ | ਅਮਨਦੀਪ ਕੌਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਕੁੱਝ ਦਿਨ ਪਹਿਲਾਂ ਪਿੰਡ ਵਿਚ ਇਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਉਸ ਦੇ ਪਤੀ ਦੀ ਕੁੱਟਮਾਰ ਕੀਤੀ ਸੀ, ਜਿਸ ਕਰਕੇ ਉਸਦੇ ਪਤੀ ਗਗਨਦੀਪ ਸਿੰਘ ਹਸਪਤਾਲ ਵਿਚ ਜੇਰੇ ਇਲਾਜ ਹਨ ਪਰ ਉਲਟਾ ਇਕ ਪੁਲਿਸ ਮੁਲਾਜ਼ਮ ਸਿਵਲ ਵਰਦੀ ਵਿਚ ਸੀ, ਨੇ ਹਸਪਤਾਲ ਵਿਚ ਹੀ ਉਸਦੇ ਪਤੀ ਨੂੰ ਧਮਕੀਆਂ ਕਿ ਉਹ ਉਸ ਨੂੰ ਬੰਦਾ ਬਣਾ ਦੇਵੇਗਾ ਅਤੇ ਗਾਲ਼ੀ ਗਲੋਚ ਕਰਕੇ ਚਲਾ ਗਿਆ | ਉਹਨਾਂ ਦੋਸ਼ ਲਾਇਆ ਕਿ ਇਸ ਪੁਲਿਸ ਮੁਲਾਜ਼ਮ ਦੀ ਉਨ੍ਹਾਂ ਦੇ ਵਿਰੋਧੀਆਂ ਨਾਲ ਸਾਂਠ ਗਾਂਠ ਹੈ ਜਿਸ ਕਰਕੇ ਉਸ ਨੂੰ ਅਤੇ ਉਸਦੇ ਪਤੀ ਨੂੰ ਵਿਰੋਧੀਆਂ ਅਤੇ ਇਸ ਪੁਲਿਸ ਮੁਲਾਜ਼ਮ ਤੋਂ ਜਾਨ ਦਾ ਖ਼ਤਰਾ ਹੈ ਜੋ ਉਸ ਦਾ ਨੁਕਸਾਨ ਕਰ ਸਕਦੇ ਹਨ | ਉਹਨਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਨੇ ਉਨਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਇਸ ਦੀ ਜਾਂਚ ਕਰਨ ਲਈ ਡੀਐਸਪੀ ਰੂਪਨਗਰ ਨੂੰ ਹਦਾਇਤ ਕੀਤੀ ਹੈ |