ਐੱਸ. ਏ. ਐੱਸ. ਨਗਰ, 18 ਜੂਨ (ਕਪਿਲ ਵਧਵਾ)-ਮੁਹਾਲੀ ਦੀ ਸਾਈਬਰ ਕ੍ਰਾਇਮ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਟੀਮ ਵਲੋਂ ਸਥਾਨਕ ਸੈਕਟਰ-91 ਵਿਚਲੇ ਇਕ ਫਰਜ਼ੀ ਕਾਲ ਸੈਂਟਰ ਜਿਸ ਰਾਹੀਂ ਗ਼ੈਰਕਾਨੂੰਨੀ ਗਤੀਵਿਧੀਆਂ ਚਲਾਈਆਂ ਜਾ ਰਿਹਾ ਸਨ, ਦਾ ਪਰਦਾਫਾਸ਼ ਕਰਦਿਆਂ ਕੁੱਲ 8 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮਾਮਲੇ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਈਡਨ ਕੋਰਟ ਸੁਸਾਇਟੀ ਸੈਕਟਰ-91 ਮੁਹਾਲੀ ਦੇ ਇਕ ਫਲੈਟ 'ਚ ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ ਕਰਨ ਲਈ ਇਕ ਗ਼ੈਰਕਾਨੂੰਨੀ ਕਾਲ ਸੈਂਟਰ ਚਲਾਇਆ ਜਾ ਰਿਹਾ ਹੈ | ਇਸ ਜਾਣਕਾਰੀ ਦੀ ਪੁਸ਼ਟੀ ਕਰਨ ਉਪਰੰਤ ਥਾਣਾ ਸਾਈਬਰ ਕ੍ਰਾਇਮ ਦੀ ਪੁਲਿਸ ਨੇ ਬੀ. ਐੱਨ. ਐੱਸ. ਦੀ ਧਾਰਾ 318 (4), 61 (2) ਅਤੇ ਆਈ. ਐਕਟ ਦੀ ਧਾਰਾ 66-ਡੀ ਤਹਿਤ ਐਫ. ਆਈ. ਆਰ ਨੰ. 32 ਦਰਜ ਕਰਕੇ ਉਕਤ ਫਲੈਟ 'ਤੇ ਛਾਪੇਮਾਰੀ ਕਰਦਿਆਂ ਇਕ ਲੜਕੀ ਸਮੇਤ 8 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਪਛਾਣ ਅਭਿਸ਼ੇਕ ਪਾਂਡੇ ਵਾਸੀ ਮੁੰਬਈ, ਅਕਸ਼ੇ ਕੁਮਾਰ ਵਾਸੀ ਬਾਹੂ ਫੋਰਟ ਜੰਮੂ-ਕਸ਼ਮੀਰ, ਪ੍ਰਦੀਸ਼ ਦਾਸ ਵਾਸੀ ਚੰਗਲੰਗ ਅਰੁਣਾਚਲ ਪ੍ਰਦੇਸ਼, ਅਮਿਤ ਤਿਵਾੜੀ ਵਾਸੀ ਪੱਛਮੀ ਬੰਗਾਲ, ਮੁਕੁਲ ਸਿੰਘ ਵਾਸੀ ਕਾਂਗੜਾ ਹਿਮਾਚਲ ਪ੍ਰਦੇਸ਼, ਅਰਪਿਤਾ ਸਰਬਾਬਿਦਿਆ ਵਾਸੀ 24 ਪਰਗਨਾਸ ਪੱਛਮੀ ਬੰਗਾਲ, ਅਰਫੀਨ ਸਦੀਕ ਤੇ ਸ਼ਾਨ ਸਕੀਨ ਦੋਵੇਂ ਵਾਸੀਆਨ ਕਲਕੱਤਾ ਵਜੋਂ ਹੋਈ ਹੈ | ਪੁਲਿਸ ਨੇ ਇਸ ਛਾਪੇਮਾਰੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ 'ਚੋਂ 12 ਲੈਪਟਾਪ, 14 ਮੋਬਾਈਲ ਫ਼ੋਨ ਅਤੇ ਹਾਲ ਹੀ 'ਚ ਖ਼ਰੀਦੀ ਗਈ ਇਕ ਸਕਾਰਪਿਓ ਗੱਡੀ ਬਰਾਮਦ ਕੀਤੀ ਹੈ | ਪੁਲਿਸ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਮੁੰਡੇ-ਕੁੜੀਆਂ ਪੜੇ੍ਹ-ਲਿਖੇ ਹਨ ਅਤੇ ਆਨਲਾਈਨ ਤਰੀਕੇ ਨਾਲ ਲੋਕਾਂ ਨੂੰ ਫ਼ੋਨ ਕਰਕੇ ਡਰਾਉਂਦੇ ਸਨ ਕਿ ਉਨ੍ਹਾਂ ਦੇ ਖਾਤੇ 'ਚੋਂ ਬਿਟਕੁਆਇਨ ਦੀ ਖ਼ਰੀਦ ਕੀਤੀ ਗਈ ਹੈ, ਜਿਸ ਦੀ ਵਰਤੋਂ ਕਿਸੇ ਗ਼ੈਰਕਾਨੂੰਨੀ ਗਤੀਵਿਧੀ ਦੇ ਸਮਰਥਨ ਵਿਚ ਕੀਤੀ ਗਈ ਹੈ | ਇਸ ਤੋਂ ਬਾਅਦ ਕਾਲ ਸੈਂਟਰ ਵਾਲਿਆਂ ਵਲੋਂ ਪੀੜਤਾਂ ਨੂੰ ਗਿ੍ਫ਼ਤਾਰੀ ਅਤੇ ਕਾਨੂੰਨੀ ਕਾਰਵਾਈ ਦਾ ਡਰ ਦਿਖਾ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਨਿੱਜੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਨਾਲ ਠੱਗੀ ਕੀਤੀ ਜਾਂਦੀ ਸੀ | ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਕਾਲ ਸੈਂਟਰ ਪਿਛਲੇ 6 ਮਹੀਨਿਆਂ ਤੋਂ ਚੱਲ ਰਿਹਾ ਸੀ ਅਤੇ ਹੁਣ ਤੱਕ ਇਸ ਰਾਹੀਂ ਕਰੀਬ 50 ਕਰੋੜ ਰੁ. ਦੀ ਠੱਗੀ ਕੀਤੀ ਜਾ ਚੁੱਕੀ ਹੈ | ਪੁਲਿਸ ਦਾ ਕਹਿਣਾ ਹੈ ਕਿ ਇਸ ਫਰਜ਼ੀ ਕਾਲ ਸੈਂਟਰ 'ਤੇ ਕੰਮ ਕਰਨ ਵਾਲਿਆਂ ਨੂੰ ਵਿਦੇਸ਼ ਆਧਾਰਿਤ ਇਕ ਵੱਖਰੇ ਕਾਲ ਸੈਂਟਰ ਤੋਂ ਸ਼ਿਕਾਰ ਬਣਾਏ ਜਾਣ ਵਾਲੇ ਲੋਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਸੀ | ਜ਼ਿਕਰਯੋਗ ਹੈ ਕਿ ਪੰਜਾਬ ਵਿਚ ਤਰੱਕੀ ਅਤੇ ਪ੍ਰਗਤੀ ਦਾ ਕੇਂਦਰ ਕਹੇ ਜਾਣ ਵਾਲੇ ਮੁਹਾਲੀ ਸ਼ਹਿਰ ਵਿਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਕਿ ਰੁਜ਼ਗਾਰ ਦੀ ਭਾਲ ਵਿਚ ਦੂਰ-ਦੁਰਾਡੇ ਦੇ ਸੂਬਿਆਂ ਤੋਂ ਆਏ ਨੌਜਵਾਨ ਮੁੰਡੇ-ਕੁੜੀਆਂ ਤਕਨੀਕੀ ਸਾਧਨਾਂ ਦੀ ਦੁਰਵਰਤੋਂ ਕਰਕੇ ਸਾਈਬਰ ਅਪਰਾਧ ਅਤੇ ਧੋਖਾਧੜੀ ਵਰਗੇ ਗੰਭੀਰ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ | ਫ਼ਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |