ਮੋਰਿੰਡਾ, 19 ਜੂਨ (ਤਰਲੋਚਨ ਸਿੰਘ ਕੰਗ)-ਮੋਰਿੰਡਾ ਪੁਲਿਸ ਨੇ ਇਕ ਨੌਜਵਾਨ ਖ਼ਿਲਾਫ਼ ਦੇਸ਼ ਵਿਰੋਧੀ ਕਾਰਵਾਈਆਂ 'ਚ ਸ਼ਾਮਿਲ ਹੋਣ ਤੇ ਸੋਸ਼ਲ ਮੀਡੀਆ 'ਤੇ ਭੜਕਾਊ ਭਾਸ਼ਨ ਦੇਣ ਸੰਬੰਧੀ ਮੁਕੱਦਮਾ ਦਰਜ ਕਰ ਲਿਆ | ਇਸ ਸੰਬੰਧੀ ਐੱਸ. ਐੱਚ. ਓ. ਮੋਰਿੰਡਾ ਸਦਰ ਇੰਸਪੈਕਟਰ ਕੈਲਾਸ਼ ਬਹਾਦਰ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਕਕਰਾਲੀ, ਜੋ ਇਸ ਸਮੇਂ ਇਟਲੀ 'ਚ ਰਹਿ ਰਿਹਾ ਹੈ ਤੇ ਉਥੋਂ ਹੀ ਦੇਸ਼ ਵਿਰੋਧੀ ਕਾਰਵਾਈਆਂ 'ਚ ਹਿੱਸਾ ਲੈਂਦਾ ਹੈ ਤੇ ਸੋਸ਼ਲ ਮੀਡੀਆ 'ਤੇ ਭਾਰਤ ਖ਼ਿਲਾਫ਼ ਭੜਕਾਊ ਭਾਸ਼ਨ ਦਿੰਦਾ ਹੈ | ਇਹ ਵੀ ਸੂਚਨਾ ਮਿਲੀ ਹੈ ਕਿ ਇਹ ਨੌਜਵਾਨ ਭਾਰਤੀ ਫ਼ੌਜ ਦੇ ਵਿਰੁੱਧ ਬੋਲਦਾ ਹੈ ਅਤੇ ਪਾਕਿਸਤਾਨੀ ਫ਼ੌਜ ਦੀ ਪ੍ਰਸ਼ੰਸਾ ਕਰਦਾ ਹੈ ਕਿ ਅਸੀਂ ਪਾਕਿਸਤਾਨ ਨਾਲ ਚਟਾਨ ਵਾਂਗ ਖੜੇ੍ਹ ਹਾਂ ਅਤੇ ਭਾਰਤੀ ਫ਼ੌਜ ਦੀ ਇੰਨੀ ਹਿੰਮਤ ਨਹੀਂ ਹੈ ਕਿ ਉਹ ਪੰਜਾਬ 'ਚੋਂ ਲੰਘ ਕੇ ਪਾਕਿਸਤਾਨ 'ਤੇ ਹਮਲਾ ਕਰ ਸਕੇ | ਇੰਸਪੈਕਟਰ ਕੈਲਾਸ਼ ਬਹਾਦਰ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਵਿਰੁੱਧ ਬੀ ਐਨਐਸ ਦੀਆਂ ਧਰਾਵਾਂ 152 , 353 ਅਤੇ ਆਈਟੀ ਐਕਟ ਦੀ ਧਾਰਾ 66 (ਐਫ) ਅਧੀਨ ਮੁਕੱਦਮਾ ਨੰਬਰ 43 ਦਰਜ ਕਰਕੇ ਦੋਸ਼ੀ ਦੀ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ |