ਸ੍ਰੀ ਚਮਕੌਰ ਸਾਹਿਬ, 19 ਜੂਨ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਇਕ ਮਿ੍ਤਕ ਨੌਜਵਾਨ ਦੀ ਬੀਮੇ ਦੀ ਰਾਸ਼ੀ ਉਸ ਦੀ ਪਤਨੀ ਤੇ ਬੇਟੀ ਦੀ ਜਗ੍ਹਾ ਮਿ੍ਤਕ ਦੀ ਮਾਤਾ ਦੇ ਖਾਤੇ 'ਚ ਤਬਦੀਲ ਕਰਵਾਉਣ ਅਤੇ ਗਹਿਣੇ ਖੁਰਦ ਬੁਰਦ ਕਰਨ ਦੇ ਦੋਸ਼ ਹੇਠ ਮਿ੍ਤਕ ਦੀ ਮਾਤਾ ਸਮੇਤ ਉਸ ਦੀ ਭੈਣ ਤੇ ਭਣੋਈਏ ਖ਼ਿਲਾਫ਼ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਪਤਨੀ ਸਵ: ਨਰਿੰਦਰ ਸਿੰਘ ਹਾਲ ਵਾਸੀ ਪਿੰਡ ਬੀੜ ਸਾਹਨੇਵਾਲ, ਥਾਣਾ ਕੁੰਮਕਲਾਂ ਜ਼ਿਲ੍ਹਾ ਲੁਧਿਆਣਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ 24 ਅਪ੍ਰੈਲ 2025 ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਉਸ ਦਾ ਵਿਆਹ ਇਥੋਂ ਨੇੜਲੇ ਪਿੰਡ ਕੋਟਲਾ ਸੁਰਮਖ ਸਿੰਘ ਦੇ ਨਰਿੰਦਰ ਸਿੰਘ ਨਾਲ 12 ਅਕਤੂਬਰ 2021 ਨੂੰ ਇਕ ਪੈਲਸ 'ਚ ਸ਼ਾਨੋ ਸ਼ੌਕਤ ਨਾਲ ਹੋਇਆ ਸੀ, ਜਿਸ ਦਾ ਖਰਚਾ 15 ਲੱਖ ਰੁਪਏ ਆਇਆ ਸੀ ਅਤੇ ਉਸ ਦੇ ਮਾਪਿਆਂ ਨੇ ਦਾਜ ਦਾ ਸਾਮਾਨ, ਨਕਦੀ ਸ਼ਗਨ ਤੇ ਗਹਿਣੇ ਆਦਿ ਵੀ ਦਿੱਤੇ ਸਨ | ਮਨਪ੍ਰੀਤ ਕੌਰ ਨੇ ਆਪਣੀ ਦਰਖਾਸਤ 'ਚ ਦੱਸਿਆ ਕਿ ਇਹ ਸਾਰੇ ਗਹਿਣੇ ਉਸ ਨੇ ਆਪਣੀ ਸੁਖਵਿੰਦਰ ਕੌਰ ਜੋ ਕਿ ਘਰ ਦੀ ਮੁਖੀ ਸੀ ਉਸ ਨੂੰ ਸੌਂਪ ਦਿੱਤੇ ਸਨ | ਉਸ ਨੇ ਦੱਸਿਆ ਕਿ 16 ਅਗਸਤ 2022 ਨੂੰ ਉਸ ਦੇ ਇਕ ਬੇਟੀ ਨੇ ਜਨਮ ਲਿਆ, ਪਰ 19 ਅਕਤੂਬਰ 2023 ਨੂੰ ਉਸ ਦੇ ਪਤੀ ਨਰਿੰਦਰ ਸਿੰਘ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ | ਮਨਪ੍ਰੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਤੀ ਨਰਿੰਦਰ ਸਿੰਘ ਨੇ ਆਪਣਾ ਬੀਮਾ ਕਰਵਾਇਆ ਹੋਇਆ ਸੀ, ਜਿਸ ਦਾ ਕਲੇਮ ਉਸ ਨੂੰ ਤੇ ਉਸ ਦੀ ਬੇਟੀ ਨੂੰ ਮਿਲਣਾ ਸੀ, ਪਰ ਉਸ ਦਿਨ ਨਣਦੋਈਏ ਨੇ ਕੰਪਨੀ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਅਤੇ ਉਸ ਦਾ ਤੇ ਉਸ ਦੀ ਬੇਟੀ ਦਾ ਹੱਕ ਮਾਰਨ ਦੀ ਨੀਅਤ ਨਾਲ ਗ਼ਲਤ ਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਕੇ 57 ਲੱਖ ਰੁਪਏ ਦਾ ਕਲੇਮ ਉਸ ਦੀ ਸੱਸ ਸੁਖਵਿੰਦਰ ਕੌਰ ਦੇ ਖਾਤੇ 'ਚ ਪੁਆ ਦਿੱਤਾ | ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੇ ਮਾਪਿਆਂ ਨੂੰ ਮਿਲਣ ਲਈ ਆਪਣੇ ਪੇਕੇ ਘਰ ਵਾਪਸ ਆ ਗਈ ਅਤੇ ਜਦੋਂ ਉਹ ਵਾਪਸ ਆਪਣੇ ਸਹੁਰੇ ਘਰ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਇਸਤਰੀ ਧੰਨ ਅਤੇ ਗਹਿਣੇ ਉਸ ਦੀ ਸੱਸ ਤੇ ਨਣਦ ਨੇ ਖੁਰਦ ਬੁਰਦ ਕਰ ਦਿੱਤੇ ਹਨ | ਉਸ ਨੇ ਦੱਸਿਆ ਕਿ 6 ਸਤੰਬਰ 2024 ਨੂੰ ਉਪਰੋਕਤ ਦੋਸ਼ੀਆਂ ਨੇ ਉਸ ਨੂੰ ਤੇ ਉਸ ਦੇ ਰਿਸ਼ਤੇਦਾਰਾਂ ਦੀ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ | ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਵਲੋਂ ਦਿੱਤੀ ਦਰਖਾਸਤ ਦੀ ਪੜਤਾਲ ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀਅਲ ਏਰੀਆ ਏ ਲੁਧਿਆਣਾ ਵਲੋਂ ਕੀਤੀ ਗਈ ਅਤੇ ਡੀ. ਏ. ਲੀਗਲ ਦੀ ਰਾਏ ਲੈਣ ਉਪਰੰਤ ਦੋਸ਼ੀਆਂ ਸੱਸ, ਨਣਦ ਤੇ ਨਣਦੋਈਏ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |