ਨੰਗਲ, 19 ਜੂਨ (ਪ੍ਰੀਤਮ ਸਿੰਘ ਬਰਾਰੀ)-ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ ਅਦੁੱਤੀ ਸ਼ਖ਼ਸੀਅਤ ਤੋਂ ਪ੍ਰੇਰਿਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਗੁਰਸਾਗਰ ਚੈਰੀਟੇਬਲ ਟਰੱਸਟ ਸੰਗਰੂਰ ਵਲੋਂ ਵਿਦਿਆਰਥੀ ਵਰਗ ਦੀ ਗੁਰਮਤਿ ਪਰਿਪੇਖ 'ਚ ਸ਼ਖ਼ਸੀਅਤ ਉਸਾਰੀ ਲਈ 17ਵੇਂ ਸਿੱਖੀ ਸਿੱਖਿਆ ਕੈਂਪ ਦੇ ਚੌਥੇ ਦਿਨ ਦੀ ਸ਼ੁਰੂਆਤ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਹੁਕਮਨਾਮੇ ਸ਼ੁਰੂਆਤ ਹੋਣ ਉਪਰੰਤ ਜਾਪ, ਨਿਤਨੇਮ, ਕੀਰਤਨ ਤੇ ਅਰਦਾਸ ਤੋਂ ਬਾਅਦ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣ ਨਾਲ ਸ਼ੁਰੂਆਤ ਹੋਈ | ਦੂਜੇ (ਸੈਸ਼ਨ) ਪਹਿਰ ਦੌਰਾਨ ਪੰਥਕ ਵਿਦਵਾਨ ਪਿ੍ੰਸੀਪਲ ਰਾਜ ਵਿੰਦਰਪਾਲ ਸਿੰਘ ਨੇ ਗੁਰ ਇਤਿਹਾਸ ਦੀਆਂ ਸਾਖੀਆਂ ਰਾਹੀਂ ਬੱਚਿਆਂ ਨੂੰ ਨੇਕ ਮਨੁੱਖ ਬਣਨ ਲਈ ਪ੍ਰੇਰਿਤ ਕੀਤਾ | ਗੁਲਨੀਤ ਸਿੰਘ ਆਈ. ਪੀ. ਐਸ. ਐਸ. ਐਸ. ਪੀ. ਰੋਪੜ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਚੰਗੀ ਪੜ੍ਹਾਈ ਕਰਨ, ਗੁਰਬਾਣੀ ਪੜ੍ਹਨ ਅਤੇ ਬੁਰੀ ਸੰਗਤ ਤੋਂ ਬਚਣ ਲਈ ਆਪਣੇ ਤਜਰਬਿਆਂ ਦੇ ਹਵਾਲੇ ਨਾਲ ਪ੍ਰੇਰਿਤ ਕੀਤਾ | ਅੱਜ ਦੇ ਮੁੱਖ ਮਹਿਮਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਹਵਾਲੇ ਨਾਲ ਸਿੱਖੀ 'ਚ ਪਰਪੱਕ ਰਹਿਣ ਲਈ ਨਾਮ-ਬਾਣੀ ਤੇ ਉੱਚੇ ਕਿਰਦਾਰ ਲਈ ਪ੍ਰੇਰਿਤ ਕਰਦਿਆਂ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਨਾਲ ਗੁਰ ਇਤਿਹਾਸ ਡੂੰਘੀ ਜਾਣਕਾਰੀ ਤੇ ਆਪਣੇ ਵਿਰਸੇ ਦੀ ਸੰਭਾਲ ਕਰਨ ਲਈ ਵਚਨਬੱਧਤਾ ਦਿ੍ੜ੍ਹ ਕਰਵਾਉਂਦਿਆਂ ਅਜੋਕੇ ਸਮੇਂ ਅੰਦਰ ਅਜਿਹੇ ਸਿੱਖੀ ਸਿੱਖਿਆ ਕੈਂਪ ਦੀ ਸਿੱਖ ਬੱਚਿਆਂ ਨੂੰ ਵਧੇਰੇ ਲੋੜ 'ਤੇ ਜ਼ੋਰ ਦਿੱਤਾ | ਕੈਂਪ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਸਮੁੱਚੇ ਸੇਵਾਦਾਰਾਂ ਨੂੰ ਇਸ ਕਾਰਜ ਦੀ ਵਧਾਈ ਦਿੰਦਿਆਂ ਅਜਿਹੇ ਹੋਰ ਉਪਰਾਲੇ ਕਰਨ ਲਈ ਆਪਣੇ ਸਹਿਯੋਗ ਦਾ ਵਾਅਦਾ ਕਰਦਿਆਂ ਪ੍ਰੇਰਿਤ ਕੀਤਾ | ਇਸ ਮੌਕੇ ਜਥੇਬੰਦੀ ਦੇ ਸਕੱਤਰ ਮਾਸਟਰ ਅਮਰਜੀਤ ਸਿੰਘ ਧੂਰੀ ਨੇ ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆਂ ਨਿੱਘਾ ਸਵਾਗਤ ਕੀਤਾ | ਸਟੇਜ ਸੰਚਾਲਨ ਦੀ ਕਾਰਵਾਈ ਨਿਰਮਲ ਸਿੰਘ (ਰਿਟਾ. ਥਾਣੇਦਾਰ) ਨੇ ਨਿਭਾਈ | ਟਰੱਸਟ ਦੇ ਚੇਅਰਮੈਨ ਪ੍ਰੋ. (ਡਾ.) ਹਰਮਿੰਦਰ ਸਿੰਘ 'ਮੱਖਣ' ਨੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਟਰੱਸਟ ਦੇ ਸੇਵਾ ਕਾਰਜਾਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਜਥੇਬੰਦੀ ਦੇ ਅਸੂਲਾਂ ਦਾ ਜ਼ਿਕਰ ਕਰਦਿਆਂ ਸਮੁੱਚੇ ਸਿੱਖ ਸਮਾਜ ਨੂੰ ਗੁਰਮਤਿ ਦੇ ਅਸੂਲਾਂ ਨੂੰ ਧਾਰਨ ਕਰਨ ਤੇ ਪੰਥਕ ਏਕਤਾ ਦੀ ਕਾਮਨਾ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਰਛਪਾਲ ਸਿੰਘ ਐਸ. ਪੀ., ਐਡਵੋਕੇਟ ਜਗਮੀਤ ਸਿੰਘ, ਕਮਾਂਡੈਂਟ ਮਾਨਸਾ-ਬਰਨਾਲਾ, ਮਾ. ਅਮਰਜੀਤ ਸਿੰਘ ਬਡਰੁੱਖਾਂ, ਨਾਹਰ ਸਿੰਘ ਪਟਿਆਲਾ, ਹਰਭਜਨ ਸਿੰਘ ਪਟਿਆਲਾ, ਇੰਜ. ਪੰਕਜ ਸਿੰਘ ਗੰਗਾਨਗਰ, ਡਾ. ਰਾਜਿੰਦਰ ਸਿੰਘ ਸਲੇਮਪੁਰ, ਭਾਈ ਬਲਬੀਰ ਸਿੰਘ ਕਾਕੜਾ ਤੇ ਭਾਈ ਅਮਰਿੰਦਰ ਸਿੰਘ ਗੜਬਈ ਆਦਿ ਹਾਜ਼ਰ ਸਨ |