ਰੂਪਨਗਰ, 19 ਜੂਨ (ਮਨਜੀਤ ਸਿੰਘ ਸੈਣੀ)-ਐਸ. ਐਸ. ਪੀ. ਰੂਪਨਗਰ ਗੁਲਨੀਤ ਸਿੰਘ ਖੁਰਾਣਾ ਵਲੋਂ ਪੈੱ੍ਰਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਰੂਪਨਗਰ ਪੁਲਿਸ ਵਲੋਂ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜ਼ਿਲ੍ਹਾ ਪੁਲਿਸ ਵਲੋਂ ਐਨ. ਡੀ. ਪੀ. ਐਸ. ਐਕਟ ਦੇ ਵੱਖ-ਵੱਖ ਮੁਕੱਦਮਿਆਂ 'ਚ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ 83 ਗ੍ਰਾਮ ਤੋ ਵੱਧ ਨਸ਼ੀਲਾ ਪਾਊਡਰ/ਪਦਾਰਥ ਬਰਾਮਦ ਕੀਤਾ ਗਿਆ ਹੈ | 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਲਗਾਤਾਰਤਾ 'ਚ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਸਥਾਨਾਂ 'ਤੇ ਨਾਕਾਬੰਦੀਆਂ ਤੇ ਗਸ਼ਤਾਂ ਰਾਹੀ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾਂ ਦੀ ਚੈਕਿੰਗ ਕੀਤੀ ਗਈ | ਜਿਸ ਦੌਰਾਨ ਥਾਣਾ ਨੂਰਪੁਰ ਬੇਦੀ ਵਲੋਂ ਰਾਜਨ ਸਿੰਘ ਉਰਫ਼ ਰਾਜਾ ਪੁੱਤਰ ਉਂਕਾਰ ਸਿੰਘ ਵਾਸੀ ਪਿੰਡ ਬਸਾਲੀ ਥਾਣਾ ਨੁਰਪੁਰਬੇਦੀ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ 47 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ/ਪਦਾਰਥ ਬਰਾਮਦ ਕੀਤਾ, ਥਾਣਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਅਮਨਦੀਪ ਸਿੰਘ ਅਮਨ ਪੁੱਤਰ ਗੁਰਜੀਤ ਸਿੰਘ ਵਾਸੀ ਵਾਰਡ ਨੰ. 6 ਮੁਹੱਲਾ ਕੁਰਾਲੀ ਵਾਲਾ ਸ੍ਰੀ ਅਨੰਦਪੁਰ ਸਾਹਿਬ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ 21 ਗ੍ਰਾਮ ਨਸ਼ੀਲਾ ਪਾਊਡਰ/ਪਦਾਰਥ ਬਰਾਮਦ ਕੀਤਾ ਅਤੇ ਥਾਣਾ ਨੰਗਲ ਵਲੋਂ ਸ਼ਸੀ ਕੁਮਾਰ ਪੁੱਤਰ ਚਮਨ ਲਾਲ ਵਾਸੀ ਮਕਾਨ ਨੰਬਰ 581, ਜੀ ਬਲਾਕ ਨੰਗਲ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ 15 ਗ੍ਰਾਮ ਨਸ਼ੀਲਾ ਪਾਊਡਰ/ਪਦਾਰਥ ਬਰਾਮਦ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਗਏ |