ਰੂਪਨਗਰ, 19 ਜੂਨ (ਯਸ਼ਵੰਤ ਬੱਸੀ)-ਪਾਵਰ ਕਾਲੋਨੀ ਫੁੱਟਬਾਲ ਕਲੱਬ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਸਮਰ ਫੁੱਟਬਾਲ ਲੀਗ ਸਮਾਪਤ ਹੋ ਗਈ | ਇਸ ਬਾਰੇ ਕਲੱਬ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਇਸ ਲੀਗ 'ਚ ਛੇ ਟੀਮਾਂ ਨੇ ਭਾਗ ਲਿਆ, ਜਿਸ 'ਚੋਂ ਪਾਵਰ ਕਾਲੋਨੀ ਤੇ ਪਪਰਾਲਾ ਦੀਆਂ ਟੀਮਾਂ ਫਾਈਨਲ 'ਚ ਖੇਡੀਆਂ ਅਤੇ ਪਾਵਰ ਕਾਲੋਨੀ ਦੀ ਟੀਮ ਨੇ ਇਹ ਮੁਕਾਬਲਾ 4-2 ਦੇ ਫ਼ਰਕ ਨਾਲ ਜਿੱਤਿਆ | ਪਾਵਰ ਕਾਲੋਨੀ ਦੇ ਜਗਦੀਸ਼ ਮੈਸੀ ਤੇ ਪਪਰਾਲਾ ਦੇ ਹੈਰੀ ਨੂੰ ਉੱਤਮ ਖਿਡਾਰੀ ਐਲਾਨਿਆ ਗਿਆ | ਸਮਰ ਕੈਂਪ ਤੇ ਸਮਰ ਲੀਗ ਵਿਚ 100 ਫੀਸਦੀ ਹਾਜ਼ਰੀ ਲਈ ਖਿਡਾਰੀ ਜਸ਼ਨ ਭਲਿਆਣ ਤੇ ਰੇਸ਼ਮ ਗਿਲਕੋ ਵੈਲੀ ਅਤੇ ਡੀ. ਪੀ. ਈ. ਅਜੇ ਕੁਮਾਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਚੰਦ ਸਿੰਘ ਪੁਲਿਸ ਕਪਤਾਨ ਰੂਪਨਗਰ ਵਲੋਂ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਗਈ ਤੇ ਉਨ੍ਹਾਂ ਜੇਤੂ ਟੀਮਾਂ ਨੂੰ ਟਰਾਫ਼ੀਆਂ ਤੇ ਤਗਮੇ ਤਕਸੀਮ ਕੀਤਾ | ਸਮਾਪਤੀ ਸਮਾਰੋਹ 'ਚ ਕਲੱਬ ਦੇ ਪ੍ਰਧਾਨ ਇੰਜੀਨੀਅਰ ਮਨਮੋਹਨ ਸਿੰਘ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚੀਫ ਅਕਾਊਾਟ ਅਫ਼ਸਰ ਇੰਦਰਜੀਤ ਸਿੰਘ, ਟੀਮ ਦੇ ਕੋਚ ਗੁਰਤੇਜ ਨੰਨਾ, ਰਾਜੇਸ਼ ਕੁਮਾਰ ਲੱਕੀ, ਆਨੰਦ ਕੁਮਾਰ ਤੋਂ ਇਲਾਵਾ ਮਲਕੀਤ ਸਿੰਘ ਸਿੱਧੂ, ਅਮਰਜੀਤ ਸਿੱਧੂ, ਜਸਬੀਰ ਸਿੰਘ ਚਨੌਲੀ, ਬਲਜਿੰਦਰ ਸਿੰਘ ਗਿੱਲਕੋ ਵੈਲੀ, ਸਵਰਨ ਸਿੰਘ, ਜਸਪਾਲ ਸਿੰਘ ਤੇ ਵੱਡੀ ਗਿਣਤੀ ਵਿਚ ਕਾਲੋਨੀ ਨਿਵਾਸੀ ਅਤੇ ਖਿਡਾਰੀ ਮੌਜੂਦ ਸਨ |