16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪੰਚਾਇਤ ਵਲੋਂ ਕੀਤੀ ਨਾਜਾਇਜ਼ ਉਸਾਰੀ ਚੁਕਵਾਉਣ ਲਈ ਸਾਬਕਾ ਪੰਚ ਦਰ-ਦਰ ਭਟਕਣ ਲਈ ਮਜਬੂਰ

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਪੀੜਤ ਪਰਿਵਾਰ ਦੇ ਮੈਂਬਰ ਤੇ ਹੋਰ | ਤਸਵੀਰ : ਵਰੁਣ ਲਾਂਬਾ <br/> 21-06-2025
ਰੂਪਨਗਰ, 20 ਜੂਨ (ਸਟਾਫ਼ ਰਿਪੋਰਟਰ)-ਪਿੰਡ ਸਰਸਾ ਨੰਗਲ ਦੇ ਸਾਬਕਾ ਪੰਚ ਮੰਗਲ ਸਿੰਘ ਨੇ ਗਰਾਮ ਪੰਚਾਇਤ ਸਰਸਾ ਨੰਗਲ ਵਲੋਂ ਉਨ੍ਹਾਂ ਦੇ ਘਰ ਅੱਗੇ ਕੌਮੀ ਮਾਰਗ ਦੀ ਜਗ੍ਹਾ 'ਚ ਨਾਜਾਇਜ਼ ਉਸਾਰੀ ਕਰਕੇ ਉਨ੍ਹਾਂ ਦੇ ਘਰ ਦਾ ਹਵਾ ਪਾਣੀ ਬੰਦ ਕਰਨ ਦੇ ਦੋਸ਼ ਲਗਾਉਂਦੇ ਹੋਏ ਨਾਜਾਇਜ਼ ਉਸਾਰੀ ਤੁਰੰਤ ਚੁਕਵਾਉਣ ਦੀ ਮੰਗ ਕੀਤੀ ਹੈ | ਰੂਪਨਗਰ ਪ੍ਰੈੱਸ ਕਲੱਬ 'ਚ ਸੱਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਮੰਗਲ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਗੁਰਚਰਨ ਸਿੰਘ, ਦਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਤੋਂ ਇਲਾਵਾ ਐਡਵੋਕੇਟ ਰਾਜੀਵ ਸ਼ਰਮਾ ਨੇ ਦੱਸਿਆ ਕਿ ਸਾਬਕਾ ਪੰਚ ਮੰਗਲ ਸਿੰਘ ਦੇ ਘਰ ਅੱਗੇ ਪ੍ਰਾਇਮਰੀ ਸਕੂਲ ਦੀ ਇਮਾਰਤ ਬਣੀ ਹੋਈ ਸੀ, ਜਿਹੜੀ ਕਿ ਕੌਮੀ ਮਾਰਗ ਅਥਾਰਿਟੀ ਨੇ ਕੌਮੀ ਮਾਰਗ 205 ਦਾ ਨਿਰਮਾਣ ਕਰਨ ਵੇਲੇ ਆਧਿ ਗ੍ਰਹਿਣ ਕਰ ਲਈ ਸੀ | ਉਨ੍ਹਾਂ ਦੱਸਿਆ ਕਿ ਸਕੂਲ ਦੀ ਇਮਾਰਤ ਢਾਹੁਣ ਉਪਰੰਤ ਕੌਮੀ ਮਾਰਗ ਅਥਾਰਿਟੀ ਦੀ ਜਗ੍ਹਾ ਖ਼ਾਲੀ ਪਈ ਸੀ ਤੇ ਇਥੇ ਪੰਚਾਇਤ ਦੀ 1 ਮਰਲਾ ਜਗ੍ਹਾ ਵੀ ਬਾਕੀ ਨਹੀਂ ਬਚਦੀ | ਉਨ੍ਹਾਂ ਦੱਸਿਆ ਕਿ 31 ਜਨਵਰੀ 2025 ਨੂੰ ਸਰਸਾ ਨੰਗਲ ਦੀ ਪੰਚਾਇਤ ਨੇ ਬੀ. ਡੀ. ਪੀ. ਓ. ਰੂਪਨਗਰ ਤੋਂ ਮੰਗਲ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਪੰਚਾਇਤ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਚਿੱਠੀ ਜਾਰੀ ਕਰਵਾ ਕੇ ਮੰਗਲ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਭਰਤ ਗੜ੍ਹ ਚੌਕੀ 'ਚ ਬੰਦ ਕਰਵਾ ਕੇ ਸਾਬਕਾ ਸਰਪੰਚ ਬਲਜਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਸ ਦੇ ਘਰ ਅੱਗੇ ਜੰਝ ਘਰ ਦੇ ਨਾਂਅ 'ਤੇ ਦੀਵਾਰ ਖੜ੍ਹੀ ਕਰਕੇ ਟੀਨਾਂ ਦਾ ਸ਼ੈੱਡ ਪਾ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਘਰ ਦੀ ਹਵਾ ਬੰਦ ਹੋ ਗਈ ਹੈ | ਉਨ੍ਹਾਂ ਦੋਸ਼ ਲਾਇਆ ਕਿ ਬੀ. ਡੀ. ਪੀ. ਓ. ਅਤੇ ਗਰਾਮ ਪੰਚਾਇਤ ਸਰਸਾ ਨੰਗਲ ਵਲੋਂ ਉਨ੍ਹਾਂ ਨੂੰ ਸੂਚਨਾ ਦੇ ਅਧਿਕਾਰ ਕਾਨੂੰਨ ਅਧੀਨ ਉਕਤ ਇਮਾਰਤ ਦੀ ਉਸਾਰੀ ਅਤੇ ਜਗ੍ਹਾ ਦੀ ਮਲਕੀਅਤ ਸੰਬੰਧੀ ਮੰਗੀ ਗਈ ਸੂਚਨਾ ਮੁਹੱਈਆ ਨਹੀਂ ਕਰਵਾਈ ਜਾ ਰਹੀ ਅਤੇ ਇਸ ਸੰਬੰਧੀ ਡੀ. ਡੀ. ਪੀ. ਓ. ਦਫ਼ਤਰ 'ਚ ਪਾਈ ਅਪੀਲ ਵੀ ਅਧਿਕਾਰੀਆਂ ਨੇ ਆਪਣੀਆਂ ਫਾਈਲਾਂ ਵਿਚ ਹੀ ਦੱਬ ਲਈ | ਉਨ੍ਹਾਂ ਦੱਸਿਆ ਕਿ ਉਹ ਐਸ. ਡੀ. ਐਮ., ਡੀ. ਸੀ., ਕੌਮੀ ਮਾਰਗ ਅਥਾਰਿਟੀ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਵੀ ਆਪਣੀਆਂ ਦਰਖਾਸਤਾਂ ਦੇ ਚੁੱਕੇ ਹਨ, ਪਰ ਹਾਲੇ ਤੱਕ ਉਨ੍ਹਾਂ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋਈ | ਇਸ ਸੰਬੰਧੀ ਸਰਸਾ ਨੰਗਲ ਦੀ ਸਰਪੰਚ ਦੇ ਪਤੀ ਮੋਹਣ ਸਿੰਘ ਨੇ ਆਪਣੀ ਪਤਨੀ ਦੀ ਤਰਫ਼ੋਂ ਜਵਾਬ ਦਿੰਦਿਆਂ ਹੋਇਆਂ ਦਾਅਵਾ ਕੀਤਾ ਕਿ ਉਕਤ ਵਿਵਾਦਿਤ ਜਗ੍ਹਾ ਗਰਾਮ ਪੰਚਾਇਤ ਸਰਸਾ ਨੰਗਲ ਦੀ ਮਲਕੀਅਤੀ ਹੈ ਅਤੇ ਜੰਝ ਘਰ ਹਰੀਜਨ ਭਾਈਚਾਰੇ ਦੀ ਸਹੂਲਤ ਲਈ ਬਣਾਇਆ ਗਿਆ ਹੈ | ਬੀ. ਡੀ. ਪੀ. ਓ. ਰੂਪਨਗਰ ਰਵਿੰਦਰ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ | ਏ. ਡੀ. ਸੀ. ਵਿਕਾਸ ਮੈਡਮ ਚੰਦਰ ਜਯੋਤੀ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਦੀ ਜਾਂਚ ਕਰਵਾ ਕੇ ਬਣਦੀ ਢੁਕਵੀਂ ਕਾਰਵਾਈ ਕਰਨਗੇ |
ਪਿਛਲੀ ਖ਼ਬਰ ਵੱਡਾ ਗੁਰਦੁਆਰਾ ਸਾਹਿਬ ਵਡਾਲਾ ਖੁਰਦ ਵਿਖੇ ਬੱਚਿਆਂ ਦਾ ਗੁਰਮਤਿ ਸਮਰ ਕੈਂਪ ਲਗਾਇਆ ਅਗਲੀ ਖ਼ਬਰ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਮਾਤਾ ਹਰਦੀਪ ਕੌਰ ਲਾਲਪੁਰਾ ਨੇ ਵੰਡੇ ਆਯੁਸ਼ਮਾਨ ਕਾਰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।