ਨੂਰਪੁਰ ਬੇਦੀ, 20 ਜੂਨ (ਹਰਦੀਪ ਸਿੰਘ ਢੀਂਡਸਾ)-ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਸ਼ੁਰੂ ਕੀਤੀ 'ਤੁਹਾਡੇ ਹੱਕਾਂ ਲਈ ਮੁਹਿੰਮ' ਦੇ ਸਾਰਥਿਕ ਨਤੀਜੇ ਨਿਕਲਣੇ ਸਾਹਮਣੇ ਆ ਰਹੀਆਂ ਹਨ ਤੇ ਲੋਕ ਵੱਧ ਚੜ੍ਹ ਕੇ ਇਸ ਮੁਹਿੰਮ ਰਾਹੀਂ ਆਪਣੀਆਂ ਵੱਖ-ਵੱਖ ਸਮੱਸਿਆਵਾਂ ਦਾ ਹੱਲ ਬਖ਼ੂਬੀ ਕਰਵਾ ਰਹੇ ਹਨ | ਇਸ ਕੜੀ ਦੇ ਤਹਿਤ ਹੀ ਵਿਧਾਇਕ ਦੇ ਨਿਰਦੇਸ਼ਾਂ ਹੇਠ ਉਨ੍ਹਾਂ ਦੀ ਟੀਮ ਵਲੋਂ ਖੇਤਰ ਦੇ ਪਿੰਡ ਬਸਾਲੀ ਵਿਖੇ ਸੁਵਿਧਾ ਕੈਂਪ ਦਾ ਆਯੋਜਨ ਕੀਤਾ, ਜਿਸ ਦੌਰਾਨ ਲੋਕਾਂ ਨੇ ਅੱਖਾਂ ਦੇ ਆਪਰੇਸ਼ਨਾ ਦੀ ਰਜਿਸਟ੍ਰੇਸ਼ਨ, ਮੁੱਖ ਮੰਤਰੀ ਸਗਨ ਸਕੀਮ, ਆਯੁਸ਼ਮਾਨ ਕਾਰਡ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਆਭਾ ਕਾਰਡ, ਵੋਟਰ ਕਾਰਡ ਅੱਪਡੇਟ, ਆਧਾਰ ਕਾਰਡ, ਈ-ਸ਼ਰਮ ਕਾਰਡ, ਪੈੱਨ ਕਾਰਡ, ਡਰਾਈਵਿੰਗ ਲਾਇਸੈਂਸ, ਪੀ. ਐਮ. ਕਿਸਾਨ ਯੋਜਨਾ ਅਤੇ ਬੇਸਹਾਰਾ-ਬੁੱਢੇ ਪੈਨਸ਼ਨ ਵਰਗੀਆਂ ਵਿਭਿੰਨ ਸਕੀਮਾਂ ਦੀਆਂ ਸਹੂਲਤਾਂ ਪ੍ਰਾਪਤ ਕੀਤੀਆਂ | ਇਸ ਮੌਕੇ 140 ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਤੇ ਕਈ ਸੇਵਾਵਾਂ ਦਾ ਲਾਭ ਲਿਆ | ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਵਲੋਂ ਸ਼ੁਰੂ ਕੀਤੀ ਗਈ | ਇਸ ਮੁਹਿੰਮ ਦੀ ਜੋਤ ਦਾ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ 'ਤੇ ਦੇਖਿਆ ਜਾ ਰਿਹਾ ਤੇ ਉਨ੍ਹਾਂ ਦੇ ਹੱਲ ਲਈ ਜੋ ਇਹ ਕੈਂਪ ਲਗਾਏ ਜਾ ਰਹੇ ਹਨ ਉਸ ਦਾ ਲੋਕਾਂ ਨੂੰ ਵੱਡਾ ਲਾਭ ਪ੍ਰਾਪਤ ਹੋ ਰਿਹਾ ਹੈ | ਇਸ ਮੌਕੇ ਸਰਪੰਚ ਅੰਜਨਾ ਕੁਮਾਰੀ, ਪੰਚ ਬਲਵਿੰਦਰ ਸਿੰਘ, ਨਾਥੂਰਾਮ, ਸੁਭਾਸ਼ ਰਾਣਾ, ਸਤਪਾਲ, ਮੰਗਤ ਰਾਮ, ਰਿੰਪੀ, ਸੰਗੀਤਾ ਦੇਵੀ, ਸੁਮਨ ਲਤਾ, ਸ਼ਿਵ ਕੁਮਾਰ, ਯੋਗਰਾਜ ਤੇ ਬਲਬੀਰ ਕੌਰ ਆਦਿ ਹਾਜ਼ਰ ਸਨ |