ਰੂਪਨਗਰ, 15 ਅਕਤੂਬਰ (ਸਤਨਾਮ ਸਿੰਘ ਸੱਤੀ)-ਡਾ. ਬੀ.ਆਰ. ਅੰਬੇਦਕਰ ਸੰਘਰਸ਼ ਸੰਮਤੀ ਰੂਪਨਗਰ ਦੀ ਅਗਵਾਈ ਹੇਠ ਵੱਖ-ਵੱਖ ਜਨਤਕ ਜਥੇਬੰਦੀਆਂ ਵਲੋਂ ਹਰਿਆਣਾ ਦੇ ਏ. ਡੀ. ਜੀ. ਪੀ. ਪੂਰਨ ਕੁਮਾਰ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਜੇਲ੍ਹ ਭੇਜਣ ਦੀ ਮੰਗ ਨੂੰ ਲੈ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਹਰਿਆਣਾ ਤੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਡਬਲ ਇੰਜਣ ਸਰਕਾਰ ਦਾ ਪੁਤਲਾ ਫੂਕਿਆ ਗਿਆ | ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸਜਨਕ ਗੱਲ ਹੈ ਕਿ ਆਜ਼ਾਦੀ ਦੇ 78 ਸਾਲ ਬੀਤ ਜਾਣ ਮਗਰੋਂ ਵੀ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਅਧਿਕਾਰੀਆਂ ਨੂੰ ਜਾਤੀ ਵਿਤਕਰੇ ਤੇ ਉਤਪੀੜਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਵਲੋਂ ਸੰਵਿਧਾਨ ਨੂੰ ਕਮਜ਼ੋਰ ਕਰਨ ਅਤੇ ਮਨੂ ਸਿਮਿ੍ਤੀ ਲਾਗੂ ਕਰਨ ਦਾ ਏਜੰਡਾ ਅੱਗੇ ਵਧਾਇਆ ਜਾ ਰਿਹਾ ਹੈ | ਜੇਕਰ ਇੱਕ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਜਾਂ ਸੁਪਰੀਮ ਕੋਰਟ ਦੇ ਜੱਜ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਨਾਗਰਿਕ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਪਹਿਲੀ ਆਦਿ-ਵਾਸੀ ਰਾਸ਼ਟਰਪਤੀ ਮੁਰਮੂ ਜੀ ਨੂੰ ਦਲਿਤ ਹੋਣ ਦੇ ਨਾਤੇ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਲਈ ਨਾ ਸੱਦਿਆ ਜਾਣਾ, ਸੰਘ ਪਰਿਵਾਰ ਅਤੇ ਭਾਜਪਾ ਦੇ ਦਲਿਤ ਵਿਰੋਧੀ ਰਵੱਈਏ ਨੂੰ ਬਿਆਨ ਕਰਦਾ ਹੈ | ਅਪੀਲ ਕੀਤੀ ਗਈ ਕਿ ਦੇਸ਼ ਦੇ ਸੰਵਿਧਾਨ ਦੀ ਰੱਖਿਆ ਅਤੇ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਹਰ ਜਾਗਰੂਕ ਨਾਗਰਿਕ ਨੂੰ ਸੰਵਿਧਾਨ ਵਿਰੋਧੀ ਤਾਕਤਾਂ ਦੇ ਖ਼ਿਲਾਫ਼ ਖੁੱਲ੍ਹ ਕੇ ਸੰਘਰਸ਼ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਹੀ ਮਰਹੂਮ ਏ.ਡੀ.ਜੀ.ਪੀ. ਪੂਰਨ ਕੁਮਾਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਮੌਕੇ ਬੁਲਾਰਿਆਂ ਵਿਚ ਕਾਮਰੇਡ ਮੋਹਨ ਸਿੰਘ ਧਮਾਣਾਂ (ਜਮਹੂਰੀ ਕਿਸਾਨ ਸਭਾ), ਬਸਪਾ ਆਗੂ ਪ੍ਰੇਮ ਸਿੰਘ ਫਿੱਡੇ, ਗੁਰਦਰਸ਼ਨ ਸਿੰਘ ਢੋਲਣ ਮਾਜਰਾ, ਕਾਮਰੇਡ ਦਲੀਪ ਸਿੰਘ ਘਨੌਲਾ (ਕੁਲ ਹਿੰਦ ਕਿਸਾਨ ਸਭਾ), ਰਾਮਪਾਲ ਅਬਿਆਣਾ, ਤਰਕਸ਼ੀਲ ਆਗੂ ਅਸ਼ੋਕ ਕੁਮਾਰ, ਨਵੀਨ ਦਰਦੀ, ਜਥੇਦਾਰ ਭਾਗ ਸਿੰਘ, ਮਾਸਟਰ ਜਗਦੀਸ਼ ਸਿੰਘ ਹਵੇਲੀ, ਕਾਮਰੇਡ ਪਵਨ ਕੁਮਾਰ (ਸਰਪੰਚ ਚੱਕ ਕਰਮਾਂ), ਰਾਜੇਸ਼ ਕੁਮਾਰ ਬਲੱਗਣ, ਸਾਥੀ ਗੋਲਡੀ ਪੁਰਖਾਲੀ, ਕਾਮਰੇਡ ਨਰਿੰਦਰ ਸਿੰਘ ਸੈਣੀ (ਏਟਕ), ਕਾਮਰੇਡ ਗੁਰਦੇਵ ਸਿੰਘ ਬਾਗੀ (ਸੀ.ਆਈ.ਟੀ.ਯੂ.), ਸ਼ਮਸ਼ੇਰ ਸਿੰਘ ਹਵੇਲੀ, ਕਾਮਰੇਡ ਭਗਤ ਸਿੰਘ ਬਿੱਕੋਂ, ਜਰਨੈਲ ਸਿੰਘ ਘਨੌਲਾ, ਨੀਲਮ ਰਾਣੀ (ਆਪ ਹਲਕਾ ਇੰਚਾਰਜ), ਮੀਨਾ ਰਾਣੀ (ਪ੍ਰਧਾਨ ਲੋਕ ਸੇਵਾ ਵੈਲਫੇਅਰ ਸੁਸਾਇਟੀ, ਪੰਜਾਬ), ਬਨਵਾਰੀ ਲਾਲ ਮੱਟੂ, ਫਕੀਰ ਸਿੰਘ ਬਡਵਾਲੀ, ਸੰਦੀਪ ਜੋਸ਼ੀ, ਜਗਦੀਸ਼ ਕੁਮਾਰ, ਹਰਜਿੰਦਰ ਸਿੰਘ ਅਕਬਰਪੁਰੀ, ਅਤੇ ਅਜੇ ਕੁਮਾਰ ਭੱਟੀ ਆਦਿ ਸ਼ਾਮਲ ਸਨ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਗੁਰਮੁਖ ਸਿੰਘ ਢੋਲਣ ਮਾਜਰਾ ਨੇ ਨਿਭਾਈ |