ਭਰਤਗੜ੍ਹ, 15 ਅਕਤੂਬਰ (ਜਸਬੀਰ ਸਿੰਘ ਬਾਵਾ)-ਬੀਤੇ ਦਿਨੀਂ ਕੁਦਰਤੀ ਆਫ਼ਤ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਵਜੋਂ ਸੂਬੇ ਦੀ ਮੌਜੂਦਾ ਸਰਕਾਰ ਵਲੋਂ ਅਰੰਭੇ ਮਿਸ਼ਨ ਚੜ੍ਹਦੀ ਕਲਾ ਤਹਿਤ ਗਾਜੀਪੁਰ, ਗਰਦਲੇ, ਛੋਟੀ ਝੱਖੀਆਂ ਦੇ ਕਿਸਾਨਾਂ ਨੂੰ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ, ਸਬੰਧਿਤ ਪੰਚਾਇਤਾਂ, ਮੁਹਤਬਰਾਂ ਦੀ ਮੌਜੂਦਗੀ 'ਚ 3 ਲੱਖ 44 ਹਜ਼ਾਰ ਰੁਪਏ ਦੇ ਮਨਜ਼ੂਰੀ ਪੱਤਰ ਸੌਂਪ ਦਿੱਤੇ ਗਏ | ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ, ਸੈਣੀ ਭਲਾਈ ਬੋਰਡ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ, ਬਲਾਕ ਪ੍ਰਧਾਨ ਗੁਰਚਰਨ ਸਿੰਘ ਬੇਲੀ, ਜਗੀਰ ਸਿੰਘ ਭਾਓਵਾਲ, ਕਿਸਾਨ ਨੁਮਾਇੰਦੇ ਕੇਸਰ ਸਿੰਘ ਸੰਧੂ ਨੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਕਿ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ, ਪਰ ਰਾਜ ਸਰਕਾਰ ਇਸ ਕੁਦਰਤੀ ਆਫ਼ਤ ਨਾਲ ਨੁਕਸਾਨੀਆਂ ਫ਼ਸਲਾਂ ਨਾਲ ਪੀੜਤ ਕਿਸਾਨਾਂ ਦੀ ਆਰਥਿਕ ਸਹਾਇਤਾ ਦੇਣ 'ਚ ਮੋਹਰੀ ਰਹੀ ਹੈ, ਮਿਸ਼ਨ ਚੜ੍ਹਦੀ ਕਲਾ ਤਹਿਤ ਰਾਜ ਸਰਕਾਰ ਨੇ ਗਾਜੀਪੁਰ, ਗਰਦਲੇ ਦੇ 6 ਕਿਸਾਨਾਂ ਨੂੰ 1ਲੱਖ 11 ਹਜ਼ਾਰ ਰੁਪਏ ਅਤੇ ਛੋਟੀ ਝੱਖੀਆਂ ਦੇ 12 ਕਿਸਾਨਾਂ ਨੂੰ 2 ਲੱਖ 31 ਹਜ਼ਾਰ ਰੁਪਏ ਦੇ ਮਨਜ਼ੂਰੀ ਪੱਤਰ ਸੌਂਪ ਦਿੱਤੇ ਹਨ ਅਤੇ ਹੋਰਨਾਂ ਪਿੰਡਾਂ 'ਚ ਪ੍ਰਭਾਵਿਤ ਕਿਸਾਨਾਂ ਨੂੰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਜਲਦੀ ਹੀ ਸੌਂਪੇ ਜਾਣਗੇ | ਐੱਸ. ਡੀ. ਐੱਮ. ਰੂਪਨਗਰ ਸੰਜੀਵ ਕੁਮਾਰ, ਨਾਇਬ ਤਹਿਸੀਲਦਾਰ ਰੂਪਨਗਰ ਕਰਨਵੀਰ ਸਿੰਘ ਨੇ ਦੱਸਿਆ ਕਿ ਅੱਜ ਸੌਂਪੇ ਗਏ ਮਨਜ਼ੂਰੀ ਪੱਤਰਾਂ ਦੇ ਮੁਆਵਜ਼ੇ ਦੀ ਅਦਾਇਗੀ 24 ਘੰਟਿਆਂ 'ਚ ਪੀੜਤ ਕਿਸਾਨਾਂ ਦੇ ਖਾਤੇ 'ਚ ਸਿੱਧੀ ਹੋਵੇਗੀ, ਹੋਰਨਾਂ ਪ੍ਰਵਾਨਿਤ ਕਿਸਾਨਾਂ ਨੂੰ ਹਲਕਾ ਪਟਵਾਰੀ ਦੀ ਗਿਰਦਾਵਰੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਿਫਾਰਸ਼ ਮੁਤਾਬਿਕ ਮਨਜ਼ੂਰੀ ਪੱਤਰ ਸੌਂਪਕੇ ਸਿੱਧੀ ਅਦਾਇਗੀ ਖਾਤਿਆਂ 'ਚ ਕੀਤੀ ਜਾਵੇਗੀ, ਤਾਂ ਕਿ ਕਿਸਾਨ ਵਕਤ ਸਿਰ ਅਗਲੇਰੀ ਫ਼ਸਲ ਦੀ ਬਿਜਾਈ ਕਰ ਸਕਣ | ਇਸ ਮੌਕੇ ਸਰਪੰਚ ਲਖਵੀਰ ਸਿੰਘ ਗਾਜੀਪੁਰ, ਸਰਪੰਚ ਮੇਜਰ ਸਿੰਘ ਛੋਟੀ ਝੱਖੀਆਂ, ਡਾ. ਸਮਸ਼ੇਰ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ ਖ਼ਾਲਸਾ, ਕਾਨੂੰਗੋ ਇੰਦਰਜੀਤ ਸਿੰਘ, ਮਹਿੰਦਰ ਸਿੰਘ ਬੜਾ ਪਿੰਡ, ਹਰਦੀਪ ਸਿੰਘ ਤੇ ਕਰਮ ਸਿੰਘ ਆਦਿ ਹਾਜ਼ਰ ਸਨ |