ਬੇਲਾ, 15 ਅਕਤੂਬਰ (ਮਨਜੀਤ ਸਿੰਘ ਸੈਣੀ)- ਭਾਰਤ ਸਰਕਾਰ ਵਲੋਂ ਪੰਜਾਬ ਵਿਚ ਬੇਮੌਸਮੀ ਬਰਸਾਤ ਤੇ ਵੱਖ-ਵੱਖ ਬਿਮਾਰੀਆਂ ਦੀ ਮਾਰ ਹੇਠ ਆਏ ਝੋਨੇ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਗਠਿਤ ਕੀਤੀ ਖ਼ੁਰਾਕ ਵੰਡ ਮੰਤਰਾਲੇ ਦੀ ਟੀਮ ਵਲੋਂ ਅਨਾਜ ਮੰਡੀ , ਬੇਲਾ ਦਾ ਦੌਰਾ ਕਰਕੇ ਹਲਦੀ ਰੋਗ ਨਾਲ ਨੁਕਸਾਨੇ ਗਏ ਬਦਰੰਗੇ ਅਤੇ ਬਿਮਾਰੀ ਕਾਰਨ ਮਾੜਚੂ ਝੋਨੇ ਦੇ ਦਾਣਿਆਂ ਦੀ ਜਾਂਚ ਸੈਂਪਲ ਇਕੱਠੇ ਕੀਤੇ ਗਏ | ਇਸ ਮੌਕੇ ਖ਼ੁਰਾਕ ਵੰਡ ਮੰਤਰਾਲੇ ਵਲੋਂ ਭੇਜੀ ਗਈ, ਇਸ ਟੀਮ ਵਿਚ ਭਾਰਤ ਸਰਕਾਰ ਦੇ ਨੁਮਾਇੰਦੇ ਸਹਾਇਕ ਡਾਇਰੈਕਟਰ (ਐੱਸ.ਐਂਡ ਆਰ.) ਸ਼੍ਰੀ ਵਾਈ. ਬੋਆ ਦੇ ਨਾਲ ਡਿਪਟੀ ਡਾਇਰੈਕਟਰ (ਫ਼ੀਲਡ), ਖ਼ੁਰਾਕ ਸਪਲਾਈਜ਼ ਵਿਭਾਗ ਰਜਨੀਸ਼ ਕੌਰ, ਜ਼ਿਲ੍ਹਾ ਕੰਟਰੋਲਰ, ਖ਼ੁਰਾਕ ਸਪਲਾਈਜ਼ ਕਿੰਮੀ ਵਨੀਤ ਕੌਰ ਸੇਠੀ, ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ ਹਾਜ਼ਰ ਸਨ | ਇਸ ਮੌਕੇ ਡਾ ਕਿੰਮੀ ਵਿਨੀਤ ਕੌਰ ਸੇਠੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਪੰਜਾਬ ਵਿਚ ਝੋਨੇ ਦੀ ਫ਼ਸਲ ਦੇ ਨਿਸਾਰੇ ਮੌਕੇ ਜ਼ਿਆਦਾ ਬਰਸਾਤ ਹੋਣ ਕਰਕੇ ਅਤੇ ਬੌਨਾ ਰੋਗ ਲੱਗਣ ਕਾਰਨ ਦਾਣੇ ਮਾੜਚੂ ਅਤੇ ਹਲਦੀ ਰੋਗ ਲੱਗਣ ਕਾਰਨ ਬਦਰੰਗੇ ਹੋਣ ਕਰਕੇ ਦੇ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਝੋਨੇ ਦੀ ਗੁਣਵੱਤਾ ਵਿਚ ਰਿਆਇਤ ਕਰਨ ਦੀ ਮੰਗ ਕੀਤੀ ਸੀ | ਜਿਸ ਕਰਕੇ ਅੱਜ ਕੇਂਦਰ ਸਰਕਾਰ ਵਲੋਂ ਗਠਿਤ ਕੀਤੀ ਟੀਮ ਵਲੋਂ ਅਨਾਜ ਮੰਡੀ ਬੇਲਾ ਦਾ ਦੌਰਾ ਕਰਕੇ ਸੈਂਪਲ ਇਕੱਠੇ ਕੀਤੇ ਗਏ | ਇਸ ਮੌਕੇ ਕਿਸਾਨਾ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਸੈਂਪਲਾਂ ਦੇ ਨਤੀਜੇ ਜਲਦ ਹੀ ਪੰਜਾਬ ਸਰਕਾਰ ਨਾਲ ਸਾਂਝੇ ਕਰ ਦਿੱਤੇ ਜਾਣਗੇ | ਇਸ ਮੌਕੇ ਆੜ੍ਹਤੀ ਸੁਰਿੰਦਰ ਸਿੰਘ, ਆੜ੍ਹਤੀ ਜਸਵੀਰ ਸਿੰਘ ਜੱਸੀ ਬੇਲਾ, ਆੜ੍ਹਤੀ ਜਸਪ੍ਰੀਤ ਸਿੰਘ ਸੇਠੀ,ਆੜ੍ਹਤੀ ਗੁਰਪ੍ਰੀਤ ਸਿੰਘ ਬਲਰਾਮਪੁਰ, ਆੜ੍ਹਤੀ ਗੁਰਜੀਤ ਸਿੰਘ ਪਰੋਜਪੁਰ, ਆੜ੍ਹਤੀ ਹਰਪ੍ਰੀਤ ਸਿੰਘ, ਆੜ੍ਹਤੀ ਜਗਤਾਰ ਸਿੰਘ ਜਟਾਣਾ, ਆੜ੍ਹਤੀ ਬਿੱਟੂ ਕੰਗ,ਆੜ੍ਹਤੀ ਹਰਿੰਦਰ ਸਿੰਘ, ਆੜ੍ਹਤੀ ਗੌਰਵ ਗੋਇਲ ਤੇ ਹੋਰ ਹਾਜ਼ਰ ਸਨ |