ਘਨੌਲੀ, 15 ਅਕਤੂਬਰ (ਜਸਵੀਰ ਸਿੰਘ ਸੈਣੀ)-ਇਲਾਕਾ ਸੰਘਰਸ਼ ਕਮੇਟੀ ਵਲੋਂ ਘਨੌਲੀ ਬੈਰੀਅਰ 'ਤੇ ਇਕੱਤਰਤਾ ਕੀਤੀ ਗਈ, ਜਿਸ ਦੌਰਾਨ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਗਿਆਨ ਸਿੰਘ ਘਨੌਲੀ, ਹਰਦੇਵ ਸਿੰਘ ਖੇੜੀ ਨੇ ਕਿਹਾ ਕਿ ਰੂਪਨਗਰ ਸਰਹਿੰਦ ਨਹਿਰ ਤੇ ਬਣੇ ਨਵੇਂ ਪੁਲ ਤੋਂ ਰੂਪਨਗਰ ਸ਼ਹਿਰ ਨੂੰ ਰਸਤਾ ਖੁਲ੍ਹਵਾਉਣ ਦੇ ਲਈ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਰਸਤਾ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧ ਦੇ ਵਿਚ ਸੰਘਰਸ਼ ਕਮੇਟੀ ਵਲੋਂ ਪਹਿਲਾਂ ਵੀ ਸੰਬੰਧਿਤ ਵਿਭਾਗ ਨੂੰ ਮੰਗ ਪੱਤਰ ਦੇ ਕੇ ਸੂਚਿਤ ਕਰ ਚੁੱਕੇ ਹਾਂ ਪ੍ਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਰਸਤਾ ਨਹੀਂ ਖੁੱਲ੍ਹਦਾ ਸੰਬੰਧਿਤ ਵਿਭਾਗ ਦੇ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਨੇ ਕਿਹਾ ਕਿ ਸਰਕਾਰ ਵਿਧਵਾ ਤੇ ਬੁਢਾਪਾ ਪੈਨਸ਼ਨ 5000 ਰੁਪਏ ਕੀਤੀ ਜਾਵੇ | ਇਸ ਮੌਕੇ ਬਲਜੀਤ ਸਿੰਘ ਘਨੌਲੀ, ਦਰਸ਼ਨ ਸਿੰਘ, ਜਗਤਾਰ ਸਿੰਘ, ਹਰਮੀਤ ਸਿੰਘ, ਰਜਿੰਦਰ ਸਿੰਘ, ਮੇਵਾ ਸਿੰਘ, ਦੀਦਾਰ ਸਿੰਘ, ਰਾਮ ਸਿੰਘ ਤੇ ਗੁਰਮੇਲ ਸਿੰਘ ਆਦਿ ਹਾਜ਼ਰ ਸਨ |