ਨੂਰਪੁਰ ਬੇਦੀ, 15 ਅਕਤੂਬਰ (ਵਿੰਦਰਪਾਲ ਝਾਂਡੀਆਂ)-ਜਮਹੂਰੀ ਕਿਸਾਨ ਸਭਾ ਅਤੇ ਆਰ. ਐੱਮ. ਪੀ. ਆਈ. ਵਲੋਂ ਨੂਰਪੁਰ ਬੇਦੀ ਵਿਖੇ ਕੇਂਦਰ ਤੇ ਹਰਿਆਣਾ ਸਰਕਾਰ ਦਾ ਪੁਤਲਾ ਫ਼ੂਕ ਕੇ ਜਾਤੀ ਭੇਦਭਾਵ ਤੇ ਲਿੰਗ ਅਸਮਾਨਤਾ ਦੇ ਵਿਰੋਧ 'ਚ ਰੋਸ ਜਤਾਇਆ ਗਿਆ | ਸਮਾਜਿਕ ਅਨਿਆਂ ਅਤੇ ਦੱਬੇ ਕੁਚਲੇ ਵਰਗਾਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਨੂੰ ਲੈ ਕੇ ਕੀਤੇ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਸਰਕਾਰਾਂ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਮਾਸਟਰ. ਗੁਰਨੈਬ ਸਿੰਘ ਨੇ ਕਿਹਾ ਕਿ ਅੱਜ ਭਾਰਤ 'ਚ ਜਾਤੀ ਤੇ ਲਿੰਗ ਆਧਾਰਿਤ ਭੇਦਭਾਵ ਦੀਆਂ ਘਟਨਾਵਾਂ ਚੌਂਕਾਉਣਾ ਵਾਲੇ ਪੱਧਰ 'ਤੇ ਵਧ ਰਹੀਆਂ ਹਨ | ਉਨ੍ਹਾਂ ਕਿਹਾ ਕਿ ਦਲਿਤ ਜੱਜ 'ਤੇ ਜੁੱਤੀ ਸੁੱਟਣ ਦੀ ਘਟਨਾ ਹੋਵੇ ਜਾਂ ਹਰਿਆਣਾ ਦੇ ਦਲਿਤ ਪੁਲਸ ਅਧਿਕਾਰੀ ਵਾਈ. ਪੂਰਨ ਕੁਮਾਰ, ਏ.ਡੀ.ਜੀ.ਪੀ. ਨਾਲ ਹੋਈ ਘਟਨਾ ਹੋਵੇ, ਇਹ ਸਭ ਸਮਾਜਕ ਵਿਤਕਰੇ ਦੀਆਂ ਉਦਾਹਰਨ ਪੇਸ਼ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਜਦੋਂ ਇੱਕ ਉੱਚ ਅਹੁਦੇ ਵਾਲੇ ਦਲਿਤ ਅਫ਼ਸਰ ਨੂੰ ਨਿਆਂ ਨਹੀਂ ਮਿਲ ਸਕਦਾ, ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ | ਆਰ.ਐਮ.ਪੀ.ਆਈ. ਦੇ ਆਗੂਆਂ ਨੇ ਕੇਂਦਰ ਤੇ ਰਾਜ ਸਰਕਾਰਾਂ 'ਤੇ ਇਲਜ਼ਾਮ ਲਾਇਆ ਕਿ ਉਹ ਅਪਰਾਧੀਆਂ ਦੀ ਰੱਖਿਆ ਕਰ ਰਹੀਆਂ ਹਨ ਅਤੇ ਸਮਾਜ 'ਚ ਦੱਬੇ ਕੁਚਲੇ ਵਰਗਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ | ਉਨ੍ਹਾਂ ਬੰਗਾਲ ਦੀ ਐੱਮ.ਬੀ.ਬੀ.ਐੱਸ. ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਦੇ ਮਾਮਲੇ 'ਤੇ ਚੁੱਪੀ ਧਾਰਨ ਵਾਲੇ ਪ੍ਰਸ਼ਾਸਨ ਦੀ ਸਖ਼ਤ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਅÏਰਤਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ | ਇਸ ਮੌਕੇ ਧਰਮ ਪਾਲ ਸੈਣੀਮਾਜਰਾ, ਕਾਮਰੇਡ ਕਰਮ ਚੰਦ, ਕਰਮ ਸਿੰਘ, ਯੋਗਰਾਜ ਸਿੰਘ, ਅਮਰੀਕ ਸਿੰਘ, ਧਰਮਪਾਲ ਸਿੰਘ, ਹਰਦੇਵ ਸਿੰਘ ਤੇ ਬਲਬੀਰ ਸਿੰਘ ਨੇ ਕਿਹਾ ਕਿ ਜਾਤੀ ਤੇ ਲਿੰਗ ਭੇਦ ਨਾਲ ਜੁੜੀਆਂ ਘਟਨਾਵਾਂ ਦੇ ਖ਼ਿਲਾਫ਼ ਜਨ ਅੰਦੋਲਨ ਆਰੰਭ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਜੋ ਜ਼ਿੰਮੇਵਾਰ ਸਰਕਾਰਾਂ ਤੇ ਅਧਿਕਾਰੀਆਂ ਦਾ ਚਿਹਰਾ ਬੇਨਕਾਬ ਕੀਤਾ ਜਾ ਸਕੇ |