ਮੋਰਿੰਡਾ, 15 ਅਕਤੂਬਰ (ਪਿ੍ਤਪਾਲ ਸਿੰਘ)-ਸਹਿਕਾਰੀ ਖੰਡ ਮਿੱਲ ਮੋਰਿੰਡਾ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵਲੋਂ ਨੈਸ਼ਨਲ ਹਾਈਵੇ ਤੇ ਧਰਨਾ ਲਗਾਇਆ ਜਾਣਾ ਸੀ, ਪਰ ਐੱਸ.ਡੀ.ਐੱਮ. ਮੋਰਿੰਡਾ ਸੁਖਪਾਲ ਸਿੰਘ ਵਲੋਂ ਕਿਸਾਨਾਂ ਦੀ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਮੀਟਿੰਗ ਤੈਅ ਕਰਨ ਤੇ ਰੋਸ ਧਰਨਾ ਮੁਲਤਵੀ ਕਰ ਦਿੱਤਾ ਗਿਆ | ਇਸ ਸਬੰਧੀ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਨੇ ਦੱਸਿਆ ਕਿ ਇਸ ਸਬੰਧੀ 3 ਅਕਤੂਬਰ ਨੂੰ ਹੋਈ ਮੀਟਿੰਗ ਤੋਂ ਲੈਕੇ ਅੱਜ ਤੱਕ ਮਿੱਲ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੇ ਲਾਰੇ ਲੱਪਿਆਂ ਤੋਂ ਇਲਾਵਾ ਕੁੱਝ ਨਹੀਂ ਕੀਤਾ | ਜਦਕਿ ਮੀਟਿੰਗ ਵਿਚ ਮੋਜੂਦ ਡਾਇਰੈਕਟਰ ਸਹਿਬਾਨਾ ਨੇ ਇਕ ਹਫਤੇ ਦਾ ਸਮਾਂ ਮੰਗਿਆ ਸੀ, ਉਸ ਤੋਂ ਬਾਅਦ ਐੱਸ.ਡੀ.ਐੱਮ. ਮੋਰਿੰਡਾ ਵਲੋਂ ਵੀ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ, ਪਰ ਇਕ ਹਫ਼ਤੇ ਵਿਚ ਸਰਕਾਰ ਜਾਂ ਪ੍ਰਸ਼ਾਸਨ ਦੇ ਕਿਸੇ ਵੀ ਨੁਮਾਇੰਦੇ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ | ਜਦੋਂ ਅੱਜ ਯੂਨੀਅਨ ਵਲੋਂ ਨੈਸ਼ਨਲ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਗਿਆ ਤਾਂ ਮੌਕੇ ਤੇ ਅੱਜ ਫਿਰ ਤੋਂ ਐੱਸ.ਡੀ.ਐੱਮ. ਮੋਰਿੰਡਾ ਨੇ ਪਹੁੰਚ ਕੇ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਸਵੇਰੇ 16 ਤਰੀਕ ਨੂੰ 11 ਵਜੇ ਤੱਕ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ, ਜਿਸ ਲਈ ਹਾਜ਼ਰ ਕਿਸਾਨ ਭਰਾਵਾਂ ਨੇ ਸਹਿਮਤੀ ਦਿੱਤੀ, ਇਸ ਮੀਟਿੰਗ ਤੋਂ ਬਾਅਦ ਜੇਕਰ ਪੈਸੇ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿਚ ਨਾ ਪਏ ਤਾਂ ਭਰੋਸਾ ਦੇਣ ਵਾਲੇ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ, ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਸੇਖੋਂ ਕਕਰਾਲੀ, ਭੁਪਿੰਦਰ ਸਿੰਘ ਡੇਕਵਾਲਾ, ਨਰਿੰਦਰ ਸਿੰਘ ਦੁਗਰੀ, ਰਵਿੰਦਰ ਸਿੰਘ ਘੋਗਾ, ਜਗਤਾਰ ਸਿੰਘ ਮੁੰਧੋ ਸੰਗਤੀਆਂ, ਅਮਨਦੀਪ ਸਿੰਘ ਡੇਕਵਾਲਾ, ਸੁਰਮੁੱਖ ਸਿੰਘ ਮੀਆਂ ਪੁਰ, ਹਾਕਮ ਸਿੰਘ ਅਸਮਾਨ ਪੁਰ, ਗੁਰਨੇਕ ਸਿੰਘ ਅਸਮਾਨ ਪੁਰ, ਜਗਮੀਤ ਸਿੰਘ ਮੁਗ਼ਲ ਮਾਜਰੀ, ਸੁੱਖਾ ਬਾਲਸੰਡਾ ਤੇ ਜਰਨੈਲ ਸਿੰਘ ਗੋਗੀ ਬੁਰਜ ਵਾਲਾ ਆਦਿ ਕਿਸਾਨ ਹਾਜ਼ਰ ਸਨ |