ਸ੍ਰੀ ਅਨੰਦਪੁਰ ਸਾਹਿਬ, 17 ਅਕਤੂਬਰ (ਜੇ ਐਸ ਨਿੱਕੂਵਾਲ)-ਕਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ- ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਚੰਗਰ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹੁਣ ਸੂਬਾ ਸਰਕਾਰ ਚੰਗਰ ਇਲਾਕੇ ਦੀ ਨੁਹਾਰ ਬਦਲ ਦੀ ਦਿਸ਼ਾ ਵਿਚ ਜ਼ਿਕਰਯੋਗ ਪੁਲਾਂਘਾਂ ਪੁੱਟ ਰਹੀ ਹੈ | ਉਨ੍ਹਾਂ ਕਿਹਾ ਇਸ ਇਲਾਕੇ ਵਿਚ 80 ਕਰੋੜ ਰੁਪਏ ਦੀ ਲਿਫ਼ਟ ਸਿੰਚਾਈ ਯੋਜਨਾ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਚੰਗਰ ਇਲਾਕੇ ਦੀ ਬਹੁਗਿਣਤੀ ਸਾਡੇ ਆਪਣੇ ਗੁੱਜਰ ਭਾਈਚਾਰੇ ਦੀ ਦਹਾਕਿਆਂ ਪੁਰਾਣੀ ਮੰਗ ਪਹਾੜਪੁਰ ਵਿਚ ਅਤਿ ਆਧੁਨਿਕ ਗੁੱਜਰ ਭਵਨ ਬਣਾਉਣ ਦਾ ਕੰਮ ਜਲਦੀ ਸ਼ੁਰੂ ਕਰ ਰਹੇ ਹੈ | ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਤਾਰਾਪੁਰ ਤੋ ਸਮਲਾਹ ਤੱਕ 18 ਫੁੱਟ ਚੌੜੀ ਅਤੇ 11 ਕਿੱਲੋਮੀਟਰ ਲੰਬੀ ਸੜਕ ਦੀ ਸੌਗਾਤ ਚੰਗਰ ਵਾਸੀਆਂ ਨੂੰ ਦਿੱਤੀ ਜਾ ਰਹੀ ਹੈ | ਇਸ ਮਾਰਗ ਦੇ ਬਣਨ ਨਾਲ ਕਈ ਇਤਿਹਾਸਕ ਧਾਰਮਿਕ ਅਸਥਾਨਾਂ ਨੂੰ ਜਾਣ ਲਈ ਸੁਚਾਰੂ ਆਵਾਜਾਈ ਦੀ ਸਹੂਲਤ ਮਿਲੇਗੀ | ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਚੰਗਰ ਤੱਕ ਦੀ ਸੜਕ, ਕੀਰਤਪੁਰ ਸਾਹਿਬ-ਬਿਲਾਸਪੁਰ ਰੋਡ ਜਾਂ ਕੋਟਲਾ ਰਾਹੀਂ ਸਮਲਾਹ ਤੱਕ ਜਾਣ ਵਾਲਾ ਰੂਟ, ਸਭ ਸੜਕਾਂ ਨੂੰ ਇਕਸਾਰ ਚੌੜਾ ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ | ਕੈਬਨਿਟ ਮੰਤਰੀ ਨੇ ਇਲਾਕਾ ਵਾਸੀਆਂ ਨੂੰ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਦੀ ਮੁਬਾਰਕ ਦਿੰਦਿਆਂ ਕਿਹਾ ਕਿ ''ਇਸ ਇਲਾਕੇ ਦਾ ਕੰਮ ਸਿਰਫ਼ ਕਿਸੇ ਪਾਰਟੀ ਦਾ ਨਹੀਂ, ਸਾਰੇ ਲੋਕਾਂ ਦਾ ਹੈ, ਆਓ, ਆਪਾਂ ਮਿਲ ਕੇ ਇਸ ਵਿਕਾਸ ਯਾਤਰਾ ਨੂੰ ਅੱਗੇ ਵਧਾਈਏ |