ਨੂਰਪੁਰ ਬੇਦੀ, 17 ਅਕਤੂਬਰ (ਵਿੰਦਰਪਾਲ ਝਾਂਡੀਆਂ)-ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮਾਰਕਫੈੱਡ ਰੂਪਨਗਰ ਵਲੋਂ ਅਬਿਆਣਾ ਅਨਾਜ ਮੰਡੀ ਦੇ ਉੱਚ ਸਹਾਇਕ 'ਤੇ ਮੰਡੀ ਇੰਸਪੈਕਟਰ ਸੁਖਜੀਤ ਸਿੰਘ ਵਿਰੁੱਧ ਜਵਾਬਤਲਬੀ ਦੇ ਹੁਕਮ ਜਾਰੀ ਕੀਤੇ ਗਏ ਹਨ | ਇਹ ਕਾਰਵਾਈ ਉਸ ਸਮੇਂ ਅਮਲ ਵਿਚ ਆਈ ਜਦੋਂ ਵਿਧਾਇਕ ਐਡਵੋਕੇਟ ਚੱਢਾ ਨੇ ਬੀਤੇ ਦਿਨ ਅਬਿਆਣਾ ਮੰਡੀ ਦਾ ਦੌਰਾ ਕੀਤਾ ਗਿਆ ਸੀ | ਇਸ ਮੌਕੇ ਉਨਾਂ ਨੇ ਮੰਡੀ ਵਿਚ ਵਿਕਣ ਯੋਗ ਝੋਨੇ ਦੀਆਂ ਢੇਰੀਆਂ ਪਈਆਂ ਦੇਖੀਆਂ ਜੋ ਕਿ ਸਮੇਂ ਸਿਰ ਖ਼ਰੀਦਿਆਂ ਨਹੀਂ ਗਈਆਂ ਸਨ | ਇਸ ਲਾਪਰਵਾਹੀ ਨੂੰ ਵੇਖਦਿਆਂ ਵਿਧਾਇਕ ਐਡਵੋਕੇਟ ਚੱਢਾ ਨੇ ਤੁਰੰਤ ਮਾਰਕਫੈੱਡ ਦੇ ਉੱਚ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਕੇ ਸੰਬੰਧਿਤ ਅਧਿਕਾਰੀ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਆਖਿਆ, ਜਿਸ ਉਪਰੰਤ ਜ਼ਿਲ੍ਹਾ ਮੈਨੇਜਰ ਮਾਰਕਫੈੱਡ ਰੂਪਨਗਰ ਵਲੋਂ ਸੁਖਜੀਤ ਸਿੰਘ ਵਿਰੁੱਧ ਜਵਾਬਤਲਬੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ | ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਸਾਰੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਦੌਰਾਨ ਵਿਧਾਇਕ ਨੇ ਜੋ ਮੰਡੀ ਚ ਬਿਨਾਂ ਖ਼ਰੀਦ ਤੋਂ ਪਈ ਝੋਨੇ ਦੀ ਫ਼ਸਲ ਦੀ ਆਪਣੀ ਹਾਜ਼ਰੀ ਚ ਖ਼ਰੀਦ ਮੁਕੰਮਲ ਕਰਵਾਈ ਤੇ ਆੜ੍ਹਤੀਆਂ ਤੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ |