ਨੂਰਪੁਰ ਬੇਦੀ, 17 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਅਬਿਆਣਾ ਵਿਖੇ ਗ੍ਰਾਮ ਪੰਚਾਇਤ, ਛਿੰਝ ਕਮੇਟੀ ਤੇ ਪਿੰਡ ਵਾਸੀਆਂ ਵਲੋਂ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ | ਮੇਲੇ ਨੇ ਖੇਡ ਅਤੇ ਸੱਭਿਆਚਾਰ ਦੀਆਂ ਅਮਿੱਟ ਯਾਦਾਂ ਛੱਡੀਆਂ | ਮੇਲੇ ਵਿਚ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਦਾ ਪ੍ਰਬੰਧਕਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਵਿਧਾਇਕ ਚੱਢਾ ਨੇ ਪਹਿਲਵਾਨਾਂ ਦੇ ਹੱਥ ਮਿਲਵਾ ਕੇ ਮੁਕਾਬਲਿਆਂ ਦਾ ਸ਼ੁੱਭ ਆਗਾਜ਼ ਕਰਵਾਇਆ | ਹਜ਼ਾਰਾਂ ਦੀ ਗਿਣਤੀ ਵਿਚ ਪਿੰਡ ਵਾਸੀਆਂ ਤੇ ਨੇੜਲੇ ਇਲਾਕਿਆਂ ਦੇ ਦਰਸ਼ਕਾਂ ਨੇ ਮੇਲੇ ਦਾ ਆਨੰਦ ਮਾਣਿਆ | ਝੰਡੀ ਦੀ ਮੁੱਖ ਕੁਸ਼ਤੀ ਜੱਸਾ ਪੱਟੀ ਤੇ ਉਮੇਸ਼ ਮਥੁਰਾ ਵਿਚਕਾਰ ਹੋਈ ਜੋ ਕਾਫ਼ੀ ਸਮੇਂ ਤੱਕ ਰੋਮਾਂਚਕ ਢੰਗ ਨਾਲ ਚੱਲਦੀ ਰਹੀ | ਦੋਵੇਂ ਪਹਿਲਵਾਨਾਂ ਦੇ ਸ਼ਾਨਦਾਰ ਦਾਓ-ਪੇਚਾਂ ਦੇ ਬਾਵਜੂਦ ਇਹ ਮੁਕਾਬਲਾ ਬਰਾਬਰੀ 'ਤੇ ਖ਼ਤਮ ਹੋਇਆ | ਵਿਧਾਇਕ ਦਿਨੇਸ਼ ਚੱਢਾ ਨੇ ਦੋਵੇਂ ਪਹਿਲਵਾਨਾਂ ਨੂੰ ਉੱਚ ਇਨਾਮ ਦੇ ਕੇ ਸਨਮਾਨਿਤ ਕੀਤਾ ਤੇ ਪ੍ਰਬੰਧਕਾਂ ਦੀ ਸਰਾਹਨਾ ਕੀਤੀ | ਉਨ੍ਹਾਂ ਕਿਹਾ ਕਿ ਛਿੰਝ ਮੇਲੇ ਸਿਰਫ਼ ਖੇਡਾਂ ਤੱਕ ਸਿਮਤ ਨਹੀਂ, ਸਗੋਂ ਪੰਜਾਬੀ ਸਭਿਆਚਾਰ ਅਤੇ ਸਾਂਝੀ ਵਿਰਾਸਤ ਦਾ ਜੀਵਤ ਪ੍ਰਤੀਕ ਹਨ | ਅਜਿਹੇ ਮੇਲੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ ਅਤੇ ਪੰਜਾਬ ਦੀ ਸ਼ੁਹਰਤ, ਮਿਹਨਤ ਤੇ ਸ਼ਕਤੀ ਦੀ ਪ੍ਰਤੀਕ ਧਰਤੀ ਦੀ ਯਾਦ ਦਿਵਾਉਂਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਮਾਜ ਦੋਹਾਂ ਦੀ ਜ਼ਿੰਮੇਵਾਰੀ ਹੈ, ਕਿ ਅਜਿਹੇ ਰਵਾਇਤੀ ਮੇਲਿਆਂ ਨੂੰ ਹੋਰ ਵੱਡੇ ਪੱਧਰ 'ਤੇ ਪ੍ਰੋਤਸਾਹਿਤ ਕੀਤਾ ਜਾਵੇ ਤਾਂ ਜੋ ਪੰਜਾਬ ਦੀਆਂ ਪਰੰਪਰਾਵਾਂ ਸਦਾ ਜੀਵਤ ਰਹਿਣ | ਮੇਲੇ ਦੌਰਾਨ ਪ੍ਰਸਿੱਧ ਪਹਿਲਵਾਨ ਸਾਹਿਲ ਮਾਨਸਾ, ਛਾਣਬੀਣ ਕੁਹਾਲੀ ਸਮੇਤ ਕਈ ਹੋਰਾਂ ਨੇ ਵੀ ਆਪਣੀ ਖੇਡ ਕਲਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਮੌਕੇ ਜੀਤ ਸਿੰਘ ਸੈਣੀ, ਸਤਨਾਮ ਸਿੰਘ ਨਾਗਰਾ, ਭਾਗ ਕਮਰ ਸੋਨੀ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਲੋਕ ਗਾਇਕ ਮਨਜੀਤ ਮੰਗਾ, ਰਾਜਵੀਰ ਕਾਲਾ, ਚੇਅਰਮੈਨ ਭਾਗ ਸਿੰਘ ਮੈਦਾਨ, ਜਸਵਿੰਦਰ ਸਿੰਘ, ਜੱਸੀ ਹੇਮ ਸਿੰਘ ਫ਼ੌਜੀ, ਅਜਮੇਰ ਸਿੰਘ, ਲੰਬੜਦਾਰ ਰਾਮ ਜੀ ਦਾਸ, ਪੰਮ ਫ਼ੌਜੀ, ਸ਼ਿੰਗਾਰਾ ਸਿੰਘ ਪੰਮਾ, ਜਸਵੀਰ ਸਿੰਘ ਉੱਪਲ, ਭਿੰਦਾ, ਸ਼ਿੰਗਾਰਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਤੇ ਇਲਾਕਾ ਵਾਸੀ ਹਾਜ਼ਰ ਸਨ |