ਢੇਰ, 17 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰੇਟ ਆਫ਼ ਐਜੂਕੇਸ਼ਨ ਦੇ ਵਲੋਂ ਵਿਦਿਆਰਥੀਆਂ ਦੇ ਗਿਆਨ ਨੂੰ ਪ੍ਰਚੰਡ ਕਰਨ ਵਾਸਤੇ ਹਰ ਸਾਲ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾਂਦੇ ਹਨ | ਇਸ ਸਾਲ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿੰਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਗੁਰਪੁਰਬ ਨੂੰ ਸਮਰਪਿਤ ਗਿਆਨ ਪ੍ਰਚੰਡ ਪ੍ਰਸ਼ਨੋਤਰੀ ਮੁਕਾਬਲੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ, ਜਿਸ ਵਿਚ ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਜਿੰਦਵੜੀ ਰੋਪੜ ਨੇ 48 ਸਕੂਲਾਂ ਦੀਆਂ ਟੀਮਾਂ ਦੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਅਤੇ ਸਤਿਕਾਰ ਸ਼ਖ਼ਸੀਅਤਾਂ ਨੇ ਵਿਦਿਆਰਥੀਆਂ ਨੂੰ ਇੱਕ ਲੱਖ ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਆਉਣ ਵਾਲੇ ਸਮੇਂ ਦੇ ਵਿਚ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਹਰੇਕ ਮੁਕਾਬਲੇ ਦੇ ਵਿਚ ਪ੍ਰਦਰਸ਼ਨ ਕਰਨ ਲਈ ਹੌਸਲਾ ਤੇ ਉਤਸ਼ਾਹ ਵੀ ਦਿੱਤਾ | ਅੱਜ ਸਕੂਲ ਵਿਚ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਕੂਲ ਦੀ ਪਿ੍ੰਸੀਪਲ ਹਰਪ੍ਰੀਤ ਕੌਰ ਵਲੋਂ ਜੇਤੂ ਰਹੇ ਵਿਦਿਆਰਥੀਆਂ ਦਾ ਜਿੱਥੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ, ਉੱਥੇ ਹੀ ਉਨ੍ਹਾਂ ਕਿਹਾ ਕਿ ਸਕੂਲ ਨੂੰ ਇਹ ਮਾਣ ਮਿਲਣਾ ਸਮੁੱਚੇ ਇਲਾਕੇ ਲਈ ਵੱਡਾ ਮਾਣ ਹੈ | ਉਨ੍ਹਾਂ ਇਸ ਵਡਮੁੱਲੀ ਪ੍ਰਾਪਤੀ ਦੇ ਲਈ ਵਿਦਿਆਰਥੀਆਂ ਅਤੇ ਸਕੂਲ ਦੇ ਮਿਹਨਤੀ ਸਟਾਫ਼ ਦੀ ਭਰਪੂਰ ਸੱਲਾਂਗਾ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਰੇਟ ਆਫ਼ ਐਜੂਕੇਸ਼ਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸਮੂਹ ਵਿਦਿਆਰਥੀ ਅਤੇ ਸਟਾਫ਼ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | 17ਆਰਪੀਆਰ01