ਮੋਰਿੰਡਾ, 4 ਨਵੰਬਰ (ਤਰਲੋਚਨ ਸਿੰਘ ਕੰਗ)-ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸੀ. ਐੱਚ. ਸੀ. ਸ੍ਰੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਮਮਤਾ ਦਿਵਸ ਮਨਾਉਂਦਿਆਂ ਮਹਿਲਾਵਾਂ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ, ਜਿਸ 'ਚ ਮਾਵਾਂ ਨੂੰ ਸੰਤੁਲਿਤ ਖ਼ੁਰਾਕ, ਟੀਕਾਕਰਨ ਤੇ ਬੱਚਿਆਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਗਈ | ਇਸ ਸੰਬੰਧੀ ਸਿਹਤ ਕਰਮਚਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਹਰ ਗਰਭਵਤੀ ਮਹਿਲਾ ਦੀ ਸਮੇਂ ਸਿਰ ਰਜਿਸਟ੍ਰੇਸ਼ਨ ਕਰਨਾ ਤੇ ਉਨ੍ਹਾਂ ਦੀ ਪੂਰੀ ਪ੍ਰੀ-ਨੈਟਲ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਏ. ਐਨ. ਐਮ. ਪਿ੍ਅੰਕਾ ਨੇ ਦੱਸਿਆ ਕਿ ਮਮਤਾ ਦਿਵਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਾਰੂ ਰੋਗਾਂ ਪੋਲੀਓ, ਕਾਲੀ ਖਾਂਸੀ, ਟੀ. ਬੀ., ਨਮੂਨੀਆ, ਖ਼ਸਰਾ, ਰੁਬੇਲਾ, ਅੰਧਰਾਤਾ, ਹੈਪੇਟਾਈਟਸ ਬੀ, ਦਿਮਾਗ਼ੀ ਬੁਖ਼ਾਰ, ਗਲਘੋਟੂ ਅਤੇ ਟੈੱਟਨਸ ਤੋਂ ਬਚਾਅ ਦੇ ਟੀਕਾ ਲਗਾਉਣਾ ਹੈ ਤੇ ਗਰਭਵਤੀ ਮਹਿਲਾਵਾਂ ਨੂੰ ਸੰਤੁਲਿਤ ਖ਼ੁਰਾਕ ਸੰਬੰਧੀ ਜਾਗਰੂਕ ਕਰਨਾ ਹੈ | ਇਸ ਮੌਕੇ ਐੱਲ. ਐੱਚ.ਵੀ. ਸੁੰਦਰੀ ਦੇਵੀ, ਆਰਤੀ ਏ. ਐਨ. ਐਮ. ਤੇ ਮਹਿਲਾਵਾਂ ਹਾਜ਼ਰ ਸਨ |