ਕਾਹਨਪੁਰ ਖੂਹੀ, 24 ਨਵੰਬਰ (ਗੁਰਬੀਰ ਸਿੰਘ ਵਾਲੀਆ)-ਡੇਰਾ ਰਾਮ ਸਹਾਏ ਵਿਚ ਇੱਥੋਂ ਦੇ ਮੁੱਖ ਪ੍ਰਬੰਧਕ ਮਾਸਟਰ ਗੁਲਜਾਰੀ ਲਾਲ ਦੀ ਅਗਵਾਈ ਹੇਠ ਸ਼ਾਹਜੈਨ ਹੈਲਥ ਕੇਅਰ ਸੈਂਟਰ ਝੱਜ ਵਲੋਂ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਦੇ ਸਹਿਯੋਗ ਨਾਲ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਦਾ ਆਯੋਜਨ ਕੀਤਾ ਗਿਆ | ਇਹ ਕੈਂਪ ਖੇਤਰ ਦੇ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਇਆ | ਕੈਂਪ ਵਿਚ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਮਰੀਜ਼ ਪਹੁੰਚੇ | ਮਾਹਰ ਡਾਕਟਰਾਂ ਵਲੋਂ ਡਿਸਕ ਦੀ ਸਮੱਸਿਆ, ਰੀਹ ਦਾ ਦਰਦ, ਸਰਵਾਈਕਲ, ਗੋਡਿਆਂ ਤੇ ਜੋੜਾਂ ਨਾਲ ਸੰਬੰਧਤ ਬਿਮਾਰੀਆਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ | ਜਿਨ੍ਹਾਂ ਮਰੀਜ਼ਾਂ ਨੂੰ ਲੋੜ ਸੀ, ਉਨ੍ਹਾਂ ਦਾ ਇਲਾਜ ਮਾਹਿਰ ਡਾਕਟਰ ਜੂਨੇਦ ਰਾਜਾ ਦੀ ਅਗਵਾਈ ਹੇਠ ਡਾਕਟਰਾਂ ਦੀ ਖਾਸ ਟੀਮ ਨੇ ਕੀਤਾ | ਇਸ ਮੌਕੇ ਡੇਰੇ ਦੇ ਪ੍ਰਬੰਧਕ ਮਾਸਟਰ ਗੁਲਜਾਰੀ ਲਾਲ ਨੇ ਕਿਹਾ ਕਿ ਹੈਲਥ ਕੇਅਰ ਸੈਂਟਰ ਅਤੇ ਮੈਡੀਕਲ ਫੈਡਰੇਸ਼ਨ ਵਲੋਂ ਮਿਲ ਕੇ ਕੀਤਾ ਗਿਆ ਇਹ ਉਪਰਾਲਾ ਪਿੰਡਾਂ ਦੇ ਲੋੜਵੰਦ ਲੋਕਾਂ ਲਈ ਵਾਕਈ ਇੱਕ ਵਰਦਾਨ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਬਹੁਤ ਸਾਰੇ ਲੋਕ ਸਮੇ ਸਿਰ ਇਲਾਜ ਨਾ ਮਿਲਣ ਕਾਰਨ ਪਰੇਸ਼ਾਨ ਰਹਿੰਦੇ ਹਨ, ਜਿਸ ਕਰਕੇ ਅਜਿਹੇ ਕੈਂਪ ਬਹੁਤ ਜ਼ਰੂਰੀ ਹਨ | ਇਸ ਮੌਕੇ ਫਿਜੀਓਥੈਰਪੀ ਸੈਂਟਰ ਦੇ ਐਮ.ਡੀ. ਜੂਨੈਦ ਰਾਜਾ ਨੇ ਵਿਸ਼ਵਾਸ ਦਵਾਇਆ ਕਿ ਉਹ ਭਵਿੱਖ ਚ ਵੀ ਲੋਕਾਂ ਦੀ ਮਦਦ ਲਈ ਸੇਵਾ ਪਰਮੋ ਧਰਮ ਦੇ ਨਾਅਰੇ ਨੂੰ ਬੁਲੰਦ ਕਰਦੇ ਹੋਏ ਕੈਂਪ ਲਗਾਉਂਦੇ ਰਹਿਣਗੇ | ਇਸ ਮੌਕੇ ਮੁੱਖ ਪ੍ਰਬੰਧਕ ਮਾਸਟਰ ਗੁਲਜਾਰੀ ਲਾਲ, ਮੱਖਣ ਸਿੰਘ, ਸੂਰਜ ਕੁਮਾਰ , ਕੋਮਲ ਦੇਵੀ, ਅਮਨ ਕੁਮਾਰ, ਮਨੀ ਗੁੱਜਰ, ਜਸਪ੍ਰੀਤ ਕੌਰ ਤੇ ਹੋਰ ਪ੍ਰਬੰਧਕੀ ਮੈਂਬਰ ਅਤੇ ਸੇਵਾਦਾਰ ਵੀ ਮੌਜੂਦ ਰਹੇ |