ਨੰਗਲ, 24 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-''ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਆਰੰਭੇ ਠੋਸ ਯਤਨਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਨੇੜ ਭਵਿੱਖ 'ਚ ਵੱਡਾ ਸੈਲਾਨੀ ਕੇਂਦਰ ਬਣੇਗਾ'' ਇਹ ਵਿਚਾਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਠਾਕੁਰ ਕੇਹਰ ਸਿੰਘ ਰਘੂਵੰਸ਼ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਪੰਜਾਬ ਸਰਕਾਰ ਵਲੋਂ ਜਿਸ ਖਾਸ ਯੋਜਨਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦਾ 350ਵਾਂ ਸ਼ਹੀਦੀ ਦਿਹਾੜਾ ਬਤੌਰ ਸ਼ਰਧਾਂਜਲੀ ਸਮਾਗਮ ਮਨਾਇਆ ਜਾ ਰਿਹਾ ਹੈ, ਉਸ ਨਾਲ ਸਮੁੱਚੇ ਸੰਸਾਰ ਦਾ ਧਿਆਨ ਸ੍ਰੀ ਅਨੰਦਪੁਰ ਸਾਹਿਬ ਵੱਲ ਖਿੱਚਿਆ ਗਿਆ ਹੈ | ਪੰਜਾਬ ਸਰਕਾਰ ਵਲੋਂ ਨੇੜ ਭਵਿੱਖ 'ਚ ਉਸਾਰੀ ਜਾਣ ਵਾਲੀ ਵਿਰਾਸਤੀ ਸਟਰੀਟ ਨਾਲ ਵੀ ਸੈਰ ਸਪਾਟੇ ਨੂੰ ਉਤਸ਼ਾਹ ਮਿਲੇਗਾ | ਹਰਜੋਤ ਸਿੰਘ ਬੈਂਸ ਇੱਕ ਨਿਸ਼ਕਾਮ ਸੇਵਕ ਵਾਂਗ ਜਿੱਥੇ ਇੱਕ ਪਾਸੇ ਧਾਰਮਿਕ ਸੈਲਾਨੀਆਂ ਲਈ ਹੱਥੀਂ ਛਾਵਾਂ ਕਰ ਰਹੇ ਹਨ, ਉੱਥੇ ਦੂਜੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਲਈ ਕੰਮ ਕਰ ਰਹੇ ਹਨ | ਇਸ ਮੌਕੇ 'ਤੇ ਸਮਾਜ ਸੇਵੀ ਭੁਪਿੰਦਰ ਸਿੰਘ ਪੰਛੀ, ਮਦਨ ਲਾਲ, ਧਿਆਨੂੰ ਠਾਕੁਰ ਆਦਿ ਵੀ ਮੌਜੂਦ ਸਨ |