ਜੈਂਤੀਪੁਰ, 15 ਜੂਨ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਮਜੀਠਾ 'ਚ ਕਾਂਗਰਸ ਪਾਰਟੀ ਵਲੋਂ ਰੱਖੀ ਗਈ ਰੈਲੀ ਜਿਸਦਾ ਨਾਮ ਸੰਵਿਧਾਨ ਬਚਾਓ ਰੈਲੀ ਰੱਖਿਆ ਗਿਆ ਜਦਕਿ ਕਾਂਗਰਸ ਵਿਚ ਮੁੱਖ ਮੰਤਰੀ ਦੀ ਦੌੜ ਨੂੰ ਲੈ ਕੇ ਆਪਸ 'ਚ ਪਾਟੋਧਾੜ ਹੈ ਅਤੇ ਵੱਖ-ਵੱਖ ਆਗੂ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਦੱਸ ਰਹੇ ਹਨ | ਵੱਧ ਰਹੀ ਪਾਟੋਧਾੜ ਕਾਰਨ ਕਾਂਗਰਸ ਨੂੰ ਰੈਲੀ ਦਾ ਨਾਂਅ ਕਾਂਗਰਸ ਬਚਾਓ ਰੈਲੀ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਦੇ ਕੇ ਕਿਸਾਨਾਂ ਦੇ ਦਿਲ ਜਿੱਤ ਲਏ ਹਨ ਅਤੇ ਬਿਜਲੀ ਬਿਲ ਦੀ ਮਾਫ਼ੀ ਦੇ ਕੇ ਸਰਕਾਰ ਨੇ ਹਰ ਵਰਗ ਨੂੰ ਸਹੂਲਤ ਦਿੱਤੀ ਹੈ | ਉਨ੍ਹਾਂ ਕਿਹਾ ਕਿ ਲੁਧਿਆਣਾ 'ਚ ਹੋ ਰਹੀ ਜਿਮਨੀ ਚੋਣ ਨੂੰ ਛੱਡ ਕੇ ਕਾਂਗਰਸੀ ਆਗੂ ਆਪਣਾ ਆਪ ਬਚਾਓ ਰੈਲੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਦੂਸਰੀਆਂ ਪਾਰਟੀਆਂ ਨੇ ਲੁਧਿਆਣਾ ਦੀ ਹਾਰ ਹੁਣ ਤੋਂ ਹੀ ਮਨ ਲਈ ਹੈ | ਉਨ੍ਹਾਂ ਕਿਹਾ ਕਿ ਅੱਜ ਰੈਲੀ ਦੌਰਾਨ ਕਾਂਗਰਸ ਦੀ ਪਾਟੋਧਾੜ ਸਾਹਮਣੇ ਆਈ ਹੈ ਜੋ ਅੱਜ ਰੈਲੀ ਦੇ ਵਿਚ ਮੁੱਖ ਚਰਚਾ ਦਾ ਵਿਸ਼ਾ ਰਹੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕਾਂਗਰਸ ਆਪਣਾ ਆਪ ਹੀ ਬਚਾਅ ਲਏ ਇੰਨਾਂ ਹੀ ਬਹੁਤ ਹੈ |