ਅਜਨਾਲਾ, 16 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਵਲੋਂ ਹੈਰੋਇਨ ਅਤੇ ਡਰੱਗ ਮਨੀ ਸਮੇਤ ਚਾਰ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਇੰਸਪੈਕਟਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਕਰਨੈਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਜਦ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਪਿੰਡ ਗੁੱਝਾਪੀਰ ਤੋਂ ਥੋੜਾ ਪਿੱਛੇ ਬਣ ਰਹੇ ਪੁਲ ਦੇ ਸੱਜੇ ਪਾਸੇ ਨੂੰ ਮੁੜੀ ਤਾਂ ਸਾਹਮਣੇ ਤੋਂ ਦੋ ਮੋਨੇ ਨੌਜਵਾਨ ਪੈਦਲ ਤੁਰੇ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਖੇਤਾਂ ਵੱਲ ਨੂੰ ਮੁੜਨ ਲੱਗੇ ਅਤੇ ਇੱਕ ਮੋਨੇ ਨੌਜਵਾਨ ਨੇ ਆਪਣੇ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਵਿਚੋਂ ਇਕ ਮੋਮੀ ਲਿਫ਼ਾਫ਼ੇ ਵਿਚ ਲਪੇਟੀ ਵਜ਼ਨਦਾਰ ਚੀਜ਼ ਨੂੰ ਸੁੱਟਣ ਲੱਗੇ ਨੂੰ ਕਾਬੂ ਕਰਕੇ ਜਦ ਲਿਫ਼ਾਫ਼ੇ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ 22 ਗ੍ਰਾਮ ਹੈਰੋਇਨ ਅਤੇ ਦੂਸਰੇ ਨੌਜਵਾਨ ਦੇ ਪਜਾਮੇ ਦੀ ਜੇਬ ਵਿਚੋਂ 1700 ਰੁਪਏ ਡਰੱਗ ਮਨੀ ਬਰਾਮਦ ਹੋਈ | ਐੱਸ.ਐੱਚ.ਓ. ਇੰਸ: ਮੁਖ਼ਤਿਆਰ ਸਿੰਘ ਨੇ ਅੱਗੇ ਦੱਸਿਆ ਕਿ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਨੌਜਵਾਨਾਂ ਦੀ ਪਹਿਚਾਣ ਸੁਨੀਲ ਪੁੱਤਰ ਚੰਨਾ ਅਤੇ ਬਲਕਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 6 ਅਜਨਾਲਾ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ | ਇਸੇ ਤਰ੍ਹਾਂ ਥਾਣਾ ਭਿੰਡੀ ਸੈਦਾਂ ਦੀ ਪੁਲਿਸ ਵਲੋਂ ਸਾਜਨ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਭਿੰਡੀ ਔਲਖ ਖ਼ੁਰਦ ਅਤੇ ਹਰਮੇਸ਼ ਮਸੀਹ ਉਰਫ਼ ਕਾਲਾ ਪੁੱਤਰ ਗੁਲਜ਼ਾਰ ਮਸੀਹ ਵਾਸੀ ਪਿੰਡ ਭਿੰਡੀ ਔਲਖ ਕਲਾਂ ਨੂੰ 20 ਗ੍ਰਾਮ ਹੈਰੋਇਨ ਅਤੇ 1200 ਰੁਪਏ ਡਰੱਗ ਮਨੀ ਸਮੇਤ ਕਾਬੂ ਕਰਕੇ ਦੋਵਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |