ਬਾਬਾ ਬਕਾਲਾ ਸਾਹਿਬ, 19 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਪਿਛਲੇ ਕੁਝ ਦਿਨਾਂ ਤੋਂ ਚੋਰਾਂ ਦਾ ਡੰਗ ਤੇਜ ਹੋਇਆ ਹੈ | ਅਜੇ ਪਿਛਲੇ ਦਿਨੀਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸਾਹਮਣੇ ਅੱਧੀ ਦਰਜਨ ਤੋਂ ਵੱਧ ਮੈਡੀਕਲ ਸਟੋਰਾਂ ਦੇ ਏ. ਸੀ. ਵਿਚੋਂ ਗੈਸ ਪਾਈਪ ਚੋਰੀ ਕਰ ਲਏ ਗਏ ਸਨ, ਜਦਕਿ ਹੁਣ ਬੀਤੀ ਰਾਤ ਨੂੰ ਚੋਰਾਂ ਨੇ ਤਹਿਸੀਲ ਕੰਪਲੈਕਸ ਦੇ ਸਾਹਮਣੇ ਪੈਂਦੀਆਂ ਤਿੰਨ ਦੁਕਾਨਾਂ ਰਾਣਾ ਸਵੀਟਸ, ਹੈਪੀ ਅਸ਼ਟਾਮ ਫਰੋਸ਼, ਨਵ ਫੋਟੋ ਸਟੇਟ ਦੀਆਂ ਦੁਕਾਨਾਂ 'ਚ ਬੇਖੌਫ਼ ਹੋ ਕੇ ਚੋਰੀਆਂ ਕੀਤੀਆਂ ਹਨ | ਰਾਣਾ ਸਵੀਟਸ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਲਵਾਈ ਦੀ ਦੁਕਾਨ ਦੇ ਨਾਲ ਲੱਗਦੇ ਗੁਦਾਮ ਵਿਚ ਚੋਰਾਂ ਨੇ ਲੱਕੜ ਦੇ ਦਰਵਾਜੇ ਵਾਲੇ ਜਿੰਦੇ ਭੰਨਕੇ ਅੰਦਰੋਂ ਦੋ ਟੀਨ ਰਿਫਾਇੰਡ, ਇਕ ਤੋੜਾ ਬਦਾਮਾਂ ਦਾ ਅਤੇ 6 ਪੇਟੀਆਂ ਕੋਲਡ ਡਰਿੰਕਸ ਚੋਰੀ ਕਰ ਲਏ ਹਨ | ਇਸੇ ਤਰ੍ਹਾਂ ਅਮਦੀਪ ਅਸ਼ਟਾਮ ਫਰੋਸ਼ ਦੇ ਮਾਲਕ ਹੈਪੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਦੁਕਾਨ ਦੇ ਜਿੰਦੇ ਭੰਨਕੇ ਚੋਰਾਂ ਨੇ ਉਨ੍ਹਾਂ ਦੇ ਜਰੂਰੀ ਦਸਤਾਵੇਜਾਂ ਵਾਲਾ ਬੈਗ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ | ਨਵਜੋਤ ਫੋਟੋ ਸਟੇਟ ਨਾਂ ਦੀ ਦੁਕਾਨ ਦੇ ਵੀ ਤਾਲੇ ਭੰਨੇ ਗਏ ਹਨ | ਇਵੇਂ ਹੀ ਸਾਬਕਾ ਸਰਪੰਚ ਸ੍ਰੀਮਤੀ ਰਛਪਾਲ ਕੌਰ ਭੁੱਲਰ ਦੇ ਪੁਰਾਣੇ ਘਰ ਵੀ ਚੋਰਾਂ ਵਲੋਂ ਸੰਨ ਲਾਏ ਜਾਣ ਦੀ ਖਬਰ ਹੈ | ਲੋਕਾਂ ਨੇ ਸਥਾਨਕ ਪੁਲਿਸ ਪਾਸੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਠੱਲ੍ਹ ਪਾਉਣ ਲਈ ਚੌਕਸੀ ਵਧਾਈ ਜਾਵੇ |