13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪੰਚਾਇਤੀ ਜ਼ਮੀਨ ਦੀ ਵਿਭਾਗ ਕੋਲੋਂ ਕਾਰਵਾਈ ਗਈ ਨਿਸ਼ਾਨਦੇਹੀ ਕਬਜ਼ਾ ਧਾਰਕਾਂ ਨੇ ਪੰਚਾਇਤ ਤੇ ਮੁਹਤਬਰਾਂ 'ਤੇ ਕੰਧਾਂ ਢਾਹੁਣ ਦੇ ਲਗਾਏ ਦੋਸ਼

ਅਜੀਤ ਡੈਸਕ 20-06-2025
ਜੈਂਤੀਪੁਰ, 19 ਜੂਨ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਦੇ ਪਿੰਡ ਸਹਿਣੇਵਾਲੀ ਦੀ ਸਮੂਹ ਪੰਚਾਇਤ ਦੇ ਵਿਸ਼ੇਸ਼ ਉਪਰਾਲੇ ਸਦਕਾ ਪਿੰਡ ਵਿਚ ਕਈ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਇਕ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਪੰਚਾਇਤੀ ਜ਼ਮੀਨ 'ਤੇ ਇਕ ਪਰਿਵਾਰ ਵਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸ ਦੇ ਸੰਬੰਧੀ ਪਿੰਡ ਦੀ ਸਰਪੰਚ ਰਜਵਿੰਦਰ ਕੌਰ ਰੰਧਾਵਾ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਬੀ. ਡੀ. ਪੀ. ਓ. ਅਮਨਦੀਪ ਸਿੰਘ ਮੰਨਣ ਨੂੰ ਲਿਖਤੀ ਦਰਖਾਸਤ ਦੇ ਕੇ ਉਨ੍ਹਾਂ ਦੇ ਧਿਆਨ ਹਿੱਤ ਲਿਆਂਦਾ ਗਿਆ ਸੀ, ਜਿਸ 'ਤੇ ਤੁਰੰਤ ਬਲਾਕ ਦਫ਼ਤਰ ਮਜੀਠਾ ਵਲੋਂ ਕਾਰਵਾਈ ਨੂੰ ਅਮਲ ਵਿਚ ਲਿਆਉਂਦਿਆਂ ਤਹਿਸੀਲਦਾਰ ਸ਼ੀਸ਼ਪਾਲ ਸਿੰਗਲਾ ਨੂੰ ਦਰਖਾਸਤ ਦੇ ਕੇ ਪਿੰਡ ਸਹਿਣੇਵਾਲੀ ਸਰਕਾਰੀ ਸਕੂਲ ਦੇ ਸਾਹਮਣੇ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ਸੀ | ਇਸ ਸੰਬੰਧੀ ਸਮੂਹ ਗ੍ਰਾਮ ਪੰਚਾਇਤ 'ਤੇ ਸਰਪੰਚ ਰਜਵਿੰਦਰ ਕੌਰ ਰੰਧਾਵਾ ਨੇ ਦੱਸਿਆ ਕਿ ਪਿੰਡ ਦੀ ਸਮੂਹ ਪੰਚਾਇਤ, ਮੁਹਤਬਰਾਂ, ਕਬਜਾ ਧਾਰਕਾਂ ਤੇ ਥਾਣਾ ਕੱਥੂਨੰਗਲ ਦੀ ਪੁਲਿਸ ਦੀ ਹਾਜ਼ਰੀ ਵਿਚ ਵਿਭਾਗ ਵਲੋਂ ਨਿਸ਼ਾਨਦੇਹੀ ਕਰਵਾ ਕੇ ਬੁਰਜੀਆਂ ਲਗਾ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਵਿਚ ਪਿੰਡ ਦੀ ਪੰਚਾਇਤ ਤੇ ਹੋਰ ਮੁਹਤਬਰ ਵਿਅਕਤੀਆਂ ਦੀ ਇਕੱਤਰਤਾ ਥਾਣਾ ਕੱਥੂਨੰਗਲ ਵਿਖੇ ਹੋਈ, ਜਿੱਥੇ ਮੁਸਤਾਨ ਸਿੰਘ ਨੇ ਮਲਬਾ ਹਟਾਉਣ ਲਈ ਦੋ ਦਿਨ ਦਾ ਲਿਖਤੀ ਟਾਈਮ ਲਿਆ ਸੀ, ਪਰ ਕੁਝ ਦਿਨ ਬਾਅਦ ਮੁਸਤਾਨ ਸਿੰਘ ਵਲੋਂ ਜੇ. ਸੀ. ਬੀ. ਲਿਆ ਕੇ ਪੰਚਾਇਤੀ ਜ਼ਮੀਨ ਵਿਚ ਕੀਤੀਆਂ ਹੋਈਆਂ ਕੰਧਾਂ ਢਹਿ ਢੇਰੀ ਕਰ ਦਿੱਤੀਆਂ ਗਈਆਂ ਤੇ ਬਾਅਦ ਵਿਚ ਸਾਡੇ ਮੁਹਤਬਰ ਵਿਅਕਤੀਆਂ ਉਪਰ ਦਰਖਾਸਤ ਦੇ ਦਿੱਤੀ ਗਈ ਕਿ ਪੰਚਾਇਤ ਅਤੇ ਮੁਹਤਬਰ ਆਗੂਆਂ ਵਲੋਂ ਕੰਧਾਂ ਢਾਹੀਆਂ ਗਈਆਂ ਹਨ ਜੋ ਸਰਾ-ਸਰ ਝੂਠ ਹੈ | ਪਿੰਡ ਸਹਿਣੇਵਾਲੀ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਮੁਹਤਬਰ ਆਗੂਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਕਿ ਇਸ ਦੀ ਤੁਰੰਤ ਜਾਂਚ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ | ਇਸ ਸੰਬੰਧੀ ਜਦੋਂ ਦੂਜੀ ਧਿਰ ਮੁਸਤਾਨ ਸਿੰਘ ਦੇ ਪਰਿਵਾਰ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਨੇ ਕਾਹਲੀ ਕਰਕੇ ਸਾਡੀਆਂ ਕੰਧਾਂ ਢਾਹ ਦਿੱਤੀਆਂ, ਜਿਸ ਦੀ ਸਾਡੇ ਵਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ | ਇਸ ਮੌਕੇ ਕਰਮਜੀਤ ਕੌਰ ਪੰਚ, ਪਰਮਜੀਤ ਕੌਰ ਭਗਤ, ਬਲਵਿੰਦਰ ਕੌਰ ਪੰਚ, ਗੁਰਮੀਤ ਸਿੰਘ, ਸੁਰਜੀਤ ਸਿੰਘ ਥਾਣੇਦਾਰ, ਕੇਬਲ ਕਿ੍ਸਨ, ਤਰਸੇਮ ਰਾਜ, ਪੰਚ ਅੰਗਰੇਜ਼ ਸਿੰਘ, ਸੰਦੀਪ ਸਿੰਘ ਪੰਚ, ਸਾਬਕਾ ਸਰਪੰਚ ਲਖਬੀਰ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਅਮਰਨਾਥ ਯਾਤਰਾ ਦੌਰਾਨ ਬਾਲਟਾਲ ਤੇ ਪੰਚਤਰਨੀ ਵਿਖੇ ਲੰਗਰ ਲਗਾਉਣ ਲਈ ਜਥਾ ਰਵਾਨਾ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਇਕੋ ਰਾਤ 'ਚ 4 ਚੋਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।