28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਤਿਉਹਾਰਾਂ ਦੇ ਸੀਜ਼ਨ ਦੌਰਾਨ ਬੈਂਕਿੰਗ ਵਿਘਨ ਕਾਰਨ ਕਾਰੋਬਾਰ ਠੱਪ <br/>

ਅਜੀਤ ਡੈਸਕ 16-10-2025
ਅੰਮਿ੍ਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਕਈ ਦਿਨਾਂ ਤੋਂ ਬੈਂਕਾਂ ਦੇ ਲਗਾਤਾਰ ਬੰਦ ਰਹਿਣ ਕਾਰਨ ਰਾਜ 'ਚ ਵਪਾਰਕ ਗਤੀਵਿਧੀਆਂ 'ਤੇ ਪੈ ਰਹੇ ਗੰਭੀਰ ਪ੍ਰਭਾਵ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ | ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਅਤੇ ਜਨਰਲ ਸਕੱਤਰ ਸਮੀਰ ਜੈਨ ਨੇ ਕਿਹਾ ਕਿ 7 ਅਤੇ 8 ਅਕਤੂਬਰ ਨੂੰ ਬੈਂਕ ਛੁੱਟੀਆਂ, 9 ਅਤੇ 10 ਅਕਤੂਬਰ ਨੂੰ ਬੈਂਕ ਯੂਨੀਅਨ ਦੀ ਹੜਤਾਲ ਅਤੇ 11 ਅਤੇ 12 ਅਕਤੂਬਰ ਨੂੰ ਹਫ਼ਤਾਵਾਰੀ ਛੁੱਟੀ ਦੇ ਕਾਰਨ ਰਾਜ ਭਰ ਵਿਚ ਬੈਂਕਿੰਗ ਕਾਰਜ ਪੂਰੀ ਤਰ੍ਹਾਂ ਠੱਪ ਰਹੇ | ਇਨ੍ਹਾਂ ਛੁੱਟੀਆਂ ਕਾਰਨ ਵਪਾਰੀਆਂ ਨੂੰ ਲੈਣ-ਦੇਣ ਕਰਨ ਵਿਚ ਕਾਫ਼ੀ ਮੁਸ਼ਕਲਾਂ ਆਈਆਂ ਹਨ | ਬੈਂਕਾਂ 'ਚ ਚੈੱਕ ਕਲੀਅਰਿੰਗ ਅਤੇ ਹੋਰ ਵਿੱਤੀ ਲੈਣ-ਦੇਣ ਅਜੇ ਵੀ ਲੰਬਿਤ ਹਨ, ਜਿਸ ਕਾਰਨ ਬਾਜ਼ਾਰ 'ਚ ਨਕਦੀ ਦਾ ਪ੍ਰਵਾਹ ਲਗਭਗ ਰੁਕ ਗਿਆ ਹੈ | ਵਪਾਰੀ ਆਗੂਆਂ ਸੇਠ ਅਤੇ ਜੈਨ ਨੇ ਕਿਹਾ ਕਿ ਦੀਵਾਲੀ ਵਰਗੇ ਵੱਡੇ ਤਿਉਹਾਰ ਤੋਂ ਪਹਿਲਾਂ ਬੈਂਕਿੰਗ ਸੇਵਾਵਾਂ 'ਚ ਵਿਘਨ ਰਾਜ ਦੇ ਵਪਾਰਕ ਭਾਈਚਾਰੇ ਲਈ ਇਕ ਵੱਡਾ ਝਟਕਾ ਹੈ | ਉਨ੍ਹਾਂ ਕਿਹਾ ਕਿ ਜਦੋਂ ਪੂਰਾ ਬਾਜ਼ਾਰ ਤਿਉਹਾਰਾਂ ਦੀ ਖ਼ਰੀਦਦਾਰੀ ਦੀ ਤਿਆਰੀ 'ਚ ਰੁੱਝਿਆ ਹੋਇਆ ਹੈ, ਅਜਿਹੇ ਸਮੇਂ ਵਿਚ ਬੈਂਕਿੰਗ ਸੇਵਾਵਾਂ 'ਚ ਵਿਘਨ ਪੈਣਾ ਨਾ ਸਿਰਫ਼ ਵਪਾਰੀਆਂ ਲਈ ਸਗੋਂ ਆਮ ਖਪਤਕਾਰਾਂ ਲਈ ਵੀ ਇਕ ਗੰਭੀਰ ਸਮੱਸਿਆ ਪੈਦਾ ਕਰਦਾ ਹੈ | ਦੂਜੇ ਪਾਸੇ, ਚੈਂਬਰ ਆਫ਼ ਕਾਮਰਸ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਕਿਸੇ ਵੀ ਹਾਲਾਤ 'ਚ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਬੈਂਕਾਂ ਨੂੰ ਲਗਾਤਾਰ ਦੋ ਦਿਨਾਂ ਤੋਂ ਵੱਧ ਬੰਦ ਨਹੀਂ ਰਹਿਣ ਦਿੱਤਾ ਜਾਣਾ ਚਾਹੀਦਾ | ਇਹ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਕਿ ਜ਼ਰੂਰੀ ਬੈਂਕਿੰਗ ਸੇਵਾਵਾਂ, ਜਿਵੇਂ ਕਿ ਚੈੱਕ ਕਲੀਅਰਿੰਗ, ਨਕਦੀ ਕਢਵਾਉਣਾ, ਡਿਜੀਟਲ ਲੈਣ-ਦੇਣ, ਆਦਿ ਹਰ ਸਮੇਂ ਸੁਚਾਰੂ ਢੰਗ ਨਾਲ ਕੰਮ ਕਰਦੀਆਂ ਰਹਿਣ | ਚੈਂਬਰ ਆਫ਼ ਕਾਮਰਸ ਨੇ ਆਰ. ਬੀ. ਆਈ. ਨੂੰ ਭਵਿੱਖ 'ਚ ਅਜਿਹੀਆਂ ਬੈਂਕਿੰਗ ਰੁਕਾਵਟਾਂ ਨੂੰ ਰੋਕਣ ਅਤੇ ਵਪਾਰਕ ਭਾਈਚਾਰੇ ਨੂੰ ਸਥਿਰਤਾ ਅਤੇ ਵਿਸ਼ਵਾਸ ਪ੍ਰਦਾਨ ਕਰਨ ਲਈ ਸਪਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਬਸਪਾ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ <br/> ਅਗਲੀ ਖ਼ਬਰ ਕਟੜਾ ਜੈਮਲ ਸਿੰਘ ਵਿਖੇ ਬੈਂਕ 'ਚ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।