ਅੰਮਿ੍ਤਸਰ, 15 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਬਸਪਾ ਅੰਮਿ੍ਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਨੱਥਾ ਸਿੰਘ ਅਤੇ ਸੁਰਜੀਤ ਸਿੰਘ ਅਬਦਾਲ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਦਿਹਾਤੀ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਆਗੂਆਂ ਨੇ ਮੰਗ ਕੀਤੀ ਗਈ ਕਿ ਦੇਸ਼ ਦੀ ਸਰਬ ਉੱਚ ਅਦਾਲਤ ਦੇ ਮੁੱਖ ਜੱਜ ਦੀ ਭਰੀ ਅਦਾਲਤ 'ਚ ਵਕੀਲ ਵਲੋਂ ਜੁੱਤੀ ਸੁੱਟ ਕੇ ਜਾਤੀ ਸੂਚਕ ਨਾਅਰੇ ਮਾਰਨੇ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਕਾਰਨ ਦੇਸ਼ ਦੀ ਸਰਵ ਉੱਚ ਅਦਾਲਤ ਅਤੇ ਸੰਵਿਧਾਨ ਦੀ ਤੌਹੀਨ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਜਾਂ ਤਰਮੀਮ ਕੀਤੀ ਜਾਵੇ ਤਾਂ ਕਿ ਭਵਿੱਖ 'ਚ ਅਜਿਹੀ ਘਟਨਾ ਨਾ ਵਾਪਰ ਸਕੇ | ਇਸ ਦੌਰਾਨ ਉਨ੍ਹਾਂ ਇਹ ਮੰਗ ਵੀ ਕੀਤੀ ਕਿ ਆਂਧਰਾ ਪ੍ਰਦੇਸ਼ ਦੇ ਜੰਮਪਲ ਹਰਿਆਣਾ ਦੇ 2001 ਦੇ ਆਈਪੀਐਸ ਏਡੀਜੀਪੀ ਰੈਂਕ ਦੇ ਅਫਸਰ ਪੂਰਨ ਕੁਮਾਰ ਦੀ ਜਾਤੀ ਨੂੰ ਲੈ ਕੇ ਪੋਸਟਿੰਗ ਟਰਾਂਸਫਰ ਪ੍ਰਮੋਸ਼ਨ ਇੰਕਰੀਮੈਂਟ ਵਹੀਕਲ ਅਲਾਟਮੈਂਟ ਪਾਲਸੀ ਵਿਭਾਗੀ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਮਾਨਸਿਕ ਪਰੇਸ਼ਾਨ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਨੂੰ ਆਤਮ ਹੱਤਿਆ ਕਰਨੀ ਪਈ | ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ | ਇਸ ਰੋਸ ਮਾਰਚ 'ਚ ਸੂਬਾ ਸਕੱਤਰ ਤਾਰਾ ਚੰਦ ਭਗਤ, ਬਲਵੰਤ ਖਹਿਰਾ, ਸੁਰਜੀਤ ਸਿੰਘ ਭੈਲ, ਥੋੜੂ ਰਾਮ, ਐਡ: ਜਗਦੀਸ਼ ਦੁੱਗਲ, ਰਤਨ ਸਿੰਘ, ਗੁਰਬਖਸ਼ ਮਹੇ, ਦੀਪਕ, ਅਸ਼ਵਨੀ ਸਰਜਣ, ਲਲਤ ਗੌਤਮ, ਹਰਦੇਵ ਸਿੰਘ ਕੋਟਲੀ, ਸਰਪੰਚ ਬਲਵਿੰਦਰ ਸਿੰਘ ਨੱਥੂਪੁਰ ਆਦਿ ਹਾਜਰ ਸਨ |