ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ 'ਚ ਪਿਛਲੇ ਦਿਨੀਂ ਆਏ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਅਜਨਾਲਾ ਦੇ ਕੁਝ ਦੁਕਾਨਦਾਰਾਂ ਵਲੋਂ ਡੀ.ਏ.ਪੀ. ਖਾਦ ਦਾ ਭਾਅ ਵੱਧ ਲਗਾਏ ਜਾਣ ਦੀ ਸ਼ਿਕਾਇਤ ਮਿਲਣ 'ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਦੁਪਹਿਰ ਸਮੇਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਅਜਨਾਲਾ ਦੀਆਂ ਖਾਦ ਬੀਜ ਵਾਲੀਆਂ ਦੁਕਾਨਾਂ ਤੇ ਅਚਨਚੇਤ ਦਸਤਕ ਦਿੰਦਿਆਂ ਜਿੱਥੇ ਦੁਕਾਨਦਾਰਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਹੜ੍ਹਾਂ ਦੇ ਮਾਰੇ ਕਿਸਾਨਾਂ ਨੂੰ ਡੀ.ਏ.ਪੀ. ਦੇ ਵੱਧ ਭਾਅ ਨਾ ਲਗਾਏ ਜਾਣ ਤੇ ਨਾਂ ਹੀ ਉਨ੍ਹਾਂ ਨੂੰ ਕੋਈ ਬੇਲੋੜੀ ਵਸਤੂ ਖਾਦ ਨਾਲ ਦਿੱਤੀ ਜਾਵੇ ਉੱਥੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਅੱਜ ਤੋਂ ਬਾਅਦ ਕਿਸੇ ਦੁਕਾਨਦਾਰ ਦੀ ਅਜਿਹੀ ਸ਼ਿਕਾਇਤ ਮਿਲੀ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਦੌਰਾਨ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪੰਜਾਬ ਖ਼ਾਸਕਰ ਹਲਕਾ ਅਜਨਾਲਾ ਦੇ ਕਿਸਾਨ ਹੜ੍ਹਾਂ ਦੀ ਤ੍ਰਾਸਦੀ ਕਾਰਨ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਹੋਏ ਪਏ ਹਨ | ਪ੍ਰੰਤੂ ਉੱਥੇ ਕੁਝ ਦਵਾਈਆਂ ਅਤੇ ਖਾਦਾਂ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਡੀ.ਏ.ਪੀ. ਖਾਦ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗੀ ਤੇ ਸ਼ਰਮਨਾਕ ਗੱਲ ਹੈ | ਉਨ੍ਹਾਂ ਨੇ ਸਮੂਹ ਦੁਕਾਨਦਾਰਾਂ ਨੂੰ ਕਿਹਾ ਕਿ ਜੇਕਰ ਅੱਜ ਤੋਂ ਬਾਅਦ ਮੈਨੂੰ ਕਿਸੇ ਕਿਸਾਨ ਵਲੋਂ ਡੀ.ਏ.ਪੀ. ਖਾਦ ਦੀ ਕਾਲਾਬਾਜ਼ਾਰੀ ਦੀ ਸ਼ਿਕਾਇਤ ਮਿਲੀ ਤਾਂ ਉਸ ਦੁਕਾਨਦਾਰ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ | ਉਨ੍ਹਾਂ ਦੱਸਿਆ ਕਿ ਡੀ.ਏ.ਪੀ. ਦਾ ਸਰਕਾਰੀ ਰੇਟ 1350 ਰੁਪਏ, ਟੀ.ਅੱੈਸ.ਪੀ. ਦਾ ਰੇਟ 1300, ਐੱਨ.ਪੀ.ਕੇ 12:32:16 ਦਾ ਸਰਕਾਰੀ ਰੇਟ 1900 ਰੁਪਏ ਅਤੇ ਏ.ਐੱਸ.ਪੀ. 20:20:0:13 ਦਾ ਰੇਟ 1400 ਰੁਪਏ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਇਨ੍ਹਾਂ ਰੇਟਾਂ ਤੋਂ ਵਧੇਰੇ ਰੇਟਾਂ 'ਤੇ ਵੇਚਦਾ ਪਾਇਆ ਗਿਆ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਤਹਿਸੀਲਦਾਰ ਗੁਰਮੁਖ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਅਜਨਾਲਾ ਡਾ: ਹਰਭਿੰਦਰ ਸਿੰਘ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, 'ਆਪ' ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ ਅਤੇ ਖੇਤੀਬਾੜੀ ਵਿਸਥਾਰ ਅਫ਼ਸਰ ਗੁਰਿੰਦਰ ਸਿੰਘ ਸੰਧੂ ਸਮੇਤ ਹੋਰ ਹਾਜ਼ਰ ਸਨ | ਸ: ਧਾਲੀਵਾਲ ਵਲੋਂ ਦੁਕਾਨਾਂ ਤੋਂ ਇਲਾਵਾ ਪੁਰਾਣੀ ਸਬਜ਼ੀ ਮੰਡੀ ਵਿਚ ਕੁਝ ਦੁਕਾਨਦਾਰਾਂ ਦੇ ਗੁਦਾਮਾਂ ਦਾ ਵੀ ਨਿਰੀਖਣ ਕੀਤਾ |