ਗੱਗੋਮਾਹਲ, 4 ਨਵੰਬਰ (ਬਲਵਿੰਦਰ ਸਿੰਘ ਸੰਧੂ)- ਦੁਬਈ ਦੀ ਟਰਾਂਸਪੋਰਟ ਕਮਿਊਨਟੀ ਤੇ ਕਾਰਫੇਅਰ ਦੁਬਈ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਪੰਜਾਬੀਆਂ ਦੀ ਮਦਦ ਦਾ ਫ਼ੈਸਲਾ ਕੀਤਾ ਗਿਆ ਹੈ |, ਜਿਸ ਵਾਸਤੇ ਮਿਸਜ ਬਾਲੀ, ਅਮਨ ਕੂਨਰ, ਬਹਾਦਰ ਸਿੰਘ, ਅੰਗਰੇਜ ਸਿੰਘ, ਨਿਰਮਲ ਸਿੰਘ ਪੰਜਾਬ ਵਾਸੀਆਂ ਨਾਲ ਆਣ ਖੜ੍ਹੇ ਹੋਏ ਹਨ | ਇਨ੍ਹਾਂ ਨੇ ਘਰੇਲੂ ਸਾਮਾਨ, ਨੁਕਸਾਨੇ ਮਕਾਨਾਂ, ਬਰਬਾਦ ਹੋਈਆਂ ਫ਼ਸਲਾਂ ਤੇ ਆਪਣਿਆਂ ਤੋਂ ਵਿਛੱੜ ਚੁੱਕੇ ਲੋਕਾਂ ਦੀ ਮਦਦ ਲਈ ਦਸ ਨਹੁੰਆਂ ਦੀ ਕਿਰਤ 'ਚੋਂ ਕਰੋੜਾਂ ਰੁਪਏ ਖਰਚ ਕਰਕੇ ਉਨ੍ਹਾਂ ਨੂੰ ਹੌਂਸਲਾ ਦਿੱਤਾ | ਉਸ ਪਿੱਛੋਂ ਇਨ੍ਹਾਂ ਪ੍ਰਵਾਸੀਆਂ ਨੇ ਕਣਕ ਦੀ ਬਿਜਾਈ ਦਾ ਜਿੰਮਾ ਪੈਂਦਿਆਂ ਪਿੰਡ ਦੂਜੋਵਾਲ, ਕੋਟ ਗੁਰਬਖਸ਼, ਬੇਦੀ ਛੰਨਾ ਕਣਕ ਦਾ ਬੀਜ, ਡੀ. ਏ. ਪੀ. ਖਾਦ, ਟਰੈਕਟਰਾਂ ਸਮੇਤ ਖੇਤੀ ਸੰਦ ਲੈ ਕੇ ਕਣਕ ਦੀ ਬਿਜਾਈ ਲਈ ਪਹੁੰਚ ਗਏ | ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਵਾਸੀ ਪੰਜਾਬੀ ਅਮਨ ਕੂਨਰ ਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਹੀ ਕਣਕ ਦੀ ਬਿਜਾਈ ਦਾ ਫ਼ੈਸਲਾ ਲੈ ਕੇ ਡੀ. ਏ. ਪੀ. ਖਾਦ, ਬੀਜ ਤੇ ਟਰੈਕਟਰਾਂ ਸਮੇਤ ਖੇਤੀ ਸੰਦਾ ਦਾ ਇੰਤਜਾਮ ਕਰ ਲਿਆ ਗਿਆ ਸੀ | ਕਰੀਬ ਦੋ ਹਜਾਰ ਏਕੜ ਕਣਕ ਦੀ ਬਿਜਾਈ ਕਰਨ ਲਈ ਕੰਮ ਸ਼ੁਰੂ ਹੋਇਆ ਹੈ | ਜੇਕਰ ਲੋੜ ਲਈ ਤਾਂ ਇਸ ਪਿੱਛੋਂ ਬਿਜਾਈ ਕੀਤੀ ਜਾਵੇਗੀ | ਦੁਬਈ 'ਚ ਡਰਾਈਵਰ ਭਾਈਚਾਰਾ ਪੰਜਾਬੀ ਹੜ੍ਹ ਪੀੜਤਾਂ ਦੀ ਮਦਦ ਲਈ ਤਤਪਰ ਹੈ ਤੇ ਅਸੀਂ ਆਪਣਿਆਂ ਨੂੰ ਭਰੋਸਾ ਦਿੰਦੇ ਹਾਂ ਕਿ ਇਸ ਦੁੱਖ ਦੇ ਸਮੇਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ | ਪਿੰਡ ਦੂਜੋਵਾਲ ਦੀ ਗ੍ਰਾਮ ਪੰਚਇਤ ਤੇ ਪਿੰਡ ਵਾਸੀਆਂ ਵਲੋਂ ਪੰਜਾਬੀ ਪ੍ਰਵਾਸੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ | ਇਸ ਮੌਕੇ ਸਰਪੰਚ ਇੰਦਰਜੀਤ ਸਿੰਘ, ਨਰਿੰਦਰ ਸਿੰਘ, ਦਲਜੀਤ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ, ਨੰਬਰਦਾਰ ਸੁਰਦੂਲ ਸਿੰਘ, ਗੁਰਲਾਲ ਸਿੰਘ, ਨੰਬਰਦਾਰ ਬਲਕਾਰ ਸਿੰਘ, ਮਨਮੋਹਣ ਸਿੰਘ, ਗੁਰਨਾਮ ਸਿੰਘ, ਪਿੱਪਲ ਸਿੰਘ ਭੂੰਦੜ, ਜਗਮੀਤ ਸਿੰਘ ਸੂਫੀਆ, ਸੁੱਚਾ ਸਿੰਘ ਤੇ ਸੱਜਣ ਸਿੰਘ ਸੰਤੂਨੰਗਲ ਵੀ ਹਾਜ਼ਰ ਸਨ |