ਅਟਾਰੀ ਸਰਹੱਦ, 4 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਅੱਜ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਲਈ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਵਲੋਂ ਇਕ ਟਰੱਕ ਲੰਗਰ ਦੀਆਂ ਰਸਦਾਂ ਦਾ ਅਟਾਰੀ ਸਰਹੱਦ ਰਸਤੇ ਭੇਜਿਆ ਗਿਆ ਹੈ | ਅਟਾਰੀ ਸਰਹੱਦ ਰਾਹੀਂ ਲੰਗਰ ਦੀਆਂ ਰਸਦਾਂ ਭੇਜਣ ਸਮੇਂ ਸੰਤ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਨਨਕਾਣਾ ਸਾਹਿਬ ਵਿਖੇ ਭਾਰਤ ਤੋਂ ਇਲਾਵਾ ਹੋਰਨਾ ਮੁਲਕਾਂ ਤੋਂ ਆਉਣ ਵਾਲੀਆਂ ਵੱਖ-ਵੱਖ ਸਿੱਖ ਸੰਗਤਾਂ ਦੇ ਲੰਗਰਾਂ ਵਾਸਤੇ ਕਾਰ ਸੇਵਾ ਗੁਰੂ ਕੇ ਬਾਗ ਵਲੋਂ ਇਕ ਟਰੱਕ ਲੰਗਰ ਦੀਆਂ ਰਸਦਾਂ ਜਿਸ ਵਿਚ ਆਟਾ, ਵੱਖ-ਵੱਖ ਕਿਸਮ ਦੀ ਦਾਲ, ਵੇਸਣ, ਕਾਬਲੀ ਛੋਲੇ, ਕਾਲੇ ਛੋਲੇ, ਰਿਫਾਇੰਡ, ਦੇਸੀ ਘਿਓ, ਸਰੋਂ ਦਾ ਤੇਲ, ਪਿਆਜ, ਲਸਣ ਸਮੇਤ ਹੋਰ ਰਸਦਾਂ ਸ਼ਾਮਿਲ ਹਨ | ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲਿਆਂ ਭਾਰਤੀ ਕਸਟਮ ਅਤੇ ਬੀ. ਐੱਸ. ਐੱਫ. ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਬਿਨਾਂ ਕਿਸੇ ਮੁਸ਼ਕਿਲ ਦੇ ਉਨ੍ਹਾਂ ਵਲੋਂ ਗੁਰੂ ਘਰ ਭਾਰਤ ਤੋਂ ਪਾਕਿਸਤਾਨ ਭੇਜਣ ਲਈ ਇਜਾਜ਼ਤ ਦਿੱਤੀ ਗਈ ਹੈ | ਪਾਕਿਸਤਾਨ ਵਾਲੇ ਪਾਸਿਓਾ ਵਾਹਗਾ ਸਰਹੱਦ 'ਤੇ ਇਹ ਲੰਗਰ ਦੀਆਂ ਰਸਦਾਂ ਲੈਣ ਲਈ ਸਿੱਖ ਸੰਗਤਾਂ ਪਾਕਿਸਤਾਨ ਦੀਆਂ ਵੱਡੀ ਗਿਣਤੀ 'ਚ ਵਿਸ਼ੇਸ਼ ਰੱਖ ਲੈ ਕੇ ਪੁੱਜੀਆਂ ਹੋਈਆਂ ਹਨ | ਇਸ ਮੌਕੇ ਬਾਬਾ ਮਹਿਲ ਸਿੰਘ ਕਾਰ ਸੇਵਾ ਗੁਰੂ ਕੇ ਬਾਗ, ਬਾਬਾ ਗੁਰਮੇਜ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਸਮੇਤ ਕਸਟਮ, ਬੀ. ਐੱਸ. ਐੱਫ. ਅਤੇ ਐੱਲ. ਪੀ. ਤੇ ਆਈ. ਆਈ. ਸੀ. ਪੀ. ਦੇ ਅਧਿਕਾਰੀ ਹਾਜ਼ਰ ਸਨ |